Punjab

ਪੰਜਾਬ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ 20 ਹਜ਼ਾਰ ਮੀਟ੍ਰਿਕ ਟਨ ਜਿਪਸਮ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ, ਪੰਜਾਬ ਰਾਹੀਂ ਖਾਰੀਆਂ ਜਾਂ ਕਲਰਾਠੀਆਂ ਜ਼ਮੀਨਾਂ ਦੀ ਸਿਹਤ ਦੇ ਸੁਧਾਰ ਲਈ 70 ਫੀਸਦੀ ਕੈਲਸ਼ੀਅਮ ਸਲਫੇਟ ਵਾਲਾ ਜਿਪਸਮ 50 ਫੀਸਦੀ ਸਬਸਿਡੀ ਉੱਤੇ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਦੇ ਕਿਸਾਨਾਂ ਨੂੰ 12 ਕਰੋੜ ਰੁਪਏ ਦੀ 20 ਹਜ਼ਾਰ ਮੀਟਰਕ ਟਨ ਜਿਪਸਮ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚੋਂ 50 ਫੀਸਦੀ ਸਬਸਿਡੀ ਮਿਲਣ ਨਾਲ ਕਿਸਾਨਾਂ ਨੂੰ 6 ਕਰੋੜ ਰੁਪਏ ਦਾ ਲਾਭ ਪਹੁੰਚੇਗਾ।

ਕਿਸਾਨ ਕਿਵੇਂ ਕਰਨ ਅਪਲਾਈ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਉੱਤੇ ਮਿਲ ਰਹੀ ਜਿਪਸਮ ਲੈਣ ਲਈ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ/ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ ਜਾਂ ਪੰਜਾਬ ਐਗਰੋ ਦੇ ਲੁਧਿਆਣਾ, ਜਲੰਧਰ, ਸੰਗਰੂਰ ਅਤੇ ਕੋਟਕਪੂਰਾ ਸਥਿਤ ਖੇਤਰੀ ਦਫ਼ਤਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਿੱਥੇ ਉਨ੍ਹਾਂ ਨੂੰ 340 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਵਾਲਾ ਜਿਪਸਮ ਸਿਰਫ 170 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ’ਤੇ ਦਿੱਤਾ ਜਾਵੇਗਾ।

ਕਿਹੜੇ ਦਸਤਾਵੇਜ਼ ਹਨ ਜ਼ਰੂਰੀ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਲੈਣ ਲਈ ਕੁੱਝ ਦਸਤਵੇਜ਼ ਵੀ ਲੋੜੀਂਦੇ ਹਨ, ਜਿਨ੍ਹਾਂ ਵਿੱਚ ਨਿਰਧਾਰਿਤ ਫਾਰਮ ਭਰਕੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਪੰਚ/ਲੰਬੜਦਾਰ/ ਐੱਮ.ਸੀ. ਤੋਂ ਤਸਦੀਕ ਕੀਤਾ ਹੋਵੇ, ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਪਾਸਬੁੱਕ ਦੀ ਫੋਟੋ ਕਾਪੀ ਸ਼ਾਮਲ ਹੈ। ਵਧੇਰੇ ਜਾਣਕਾਰੀ ਲੈਣ ਅਤੇ ਜਿਪਸਮ ਪ੍ਰਾਪਤ ਕਰਨ ਲਈ ਪੰਜਾਬ ਐਗਰੋ ਦੇ ਮੋਬਾਇਲ ਨੰਬਰ 85447-18919 ‘ਤੇ ਵੀ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।

ਕੀ ਹਨ ਲਾਭ ?

ਬਰਾੜ ਨੇ ਜਿਪਸਮ ਦੀ ਵਰਤੋਂ ਦੇ ਲਾਭ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਤਕਰੀਬਨ 2.30 ਲੱਖ ਹੈਕਟੇਅਰ ਖੇਤਰ ਵਿੱਚ ਜ਼ਮੀਨਾਂ ਦਾ ਪੀ.ਐੱਚ 8.5 ਤੋਂ ਵੱਧ ਹੈ, ਭਾਵ ਕਿ ਇਹ ਜ਼ਮੀਨਾਂ ਖਾਰੀਆਂ ਹਨ ਅਤੇ ਇਹਨਾਂ ਵਿੱਚ ਸੋਡੀਅਮ ਦੀ ਮਾਤਰਾ (ਜੋ ਕਿ ਪਾਣੀ ਵਿੱਚ ਨਹੀਂ ਘੁਲਦਾ) ਜ਼ਿਆਦਾ ਹੋਣ ਕਾਰਨ ਜ਼ਮੀਨਾਂ ਵਿੱਚ ਖੁਰਾਕੀ ਤੱਤ ਫਸਲਾਂ ਨੂੰ ਨਹੀਂ ਮਿਲਦੇ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦੀ ਭਰਪੂਰ ਪੈਦਾਵਾਰ ਨਹੀਂ ਮਿਲ ਪਾਉਂਦੀ। ਇਨ੍ਹਾਂ ਜ਼ਮੀਨਾਂ ਵਿੱਚ ਮੁੜ ਤੋਂ ਸੁਧਾਰ ਲਿਆਉਣ ਲਈ ਜਿਪਸਮ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਮੌਜੂਦ ਕੈਲਸ਼ੀਅਮ ਸਲਫੇਟ ਜ਼ਮੀਨ ਵਿਚਲੇ ਸੋਡੀਅਮ ਕਾਰਬੋਨੇਟ ਨਾਲ ਮਿਲ ਕੇ ਸੋਡੀਅਮ ਸਲਫੇਟ ਵਿੱਚ ਬਦਲ ਜਾਂਦਾ ਹੈ ਅਤੇ ਉਹ ਜ਼ਮੀਨ ਦੀਆਂ ਜੜ੍ਹਾਂ ਤੋਂ ਦੂਰ ਧਰਤੀ ਦੀ ਹੇਠਲੀ ਸਤ੍ਹਾ ਵਿੱਚ ਪਹੁੰਚ ਜਾਂਦਾ ਹੈ ਅਤੇ ਜ਼ਮੀਨਾਂ ਵਿੱਚ ਮੌਜੂਦ ਖੁਰਾਕੀ ਤੱਤ ਫਸਲਾਂ ਨੂੰ ਆਮ ਵਾਂਗ ਮਿਲਣ ਲੱਗ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਫਸਲ ਦੀ ਭਰਪੂਰ ਪੈਦਾਵਾਰ ਮਿਲਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ।