ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਮਾਨ ਸਰਕਾਰ ਵੱਲੋਂ ਮਿਸ਼ਨ ਰੁਜ਼ਗਾਰ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸੀਪਲ ਭਵਨ ਵਿੱਚ ਇਕ ਸਮਾਗਮ ਦੌਰਾਨ 315 ਨਵਨਿਯੁਕਤ ਵੈਟਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਅੱਜ ਦੇ 315 ਨਿਯੁਕਤੀ ਪੱਤਰ ਮਿਲਾ ਕੇ ਕੁੱਲ 26 ਹਜ਼ਾਰ 797 ਨਿਯੁਕਤੀ ਪੱਤਰ ਵੰਡ ਚੁੱਕੀ ਹੈ। 14000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਗਿਆ ਹੈ ਅਤੇ ਹੋਰ 14000 ਤੋਂ ਵੱਧ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰਵਾਨਗੀ ਹੋ ਗਈ ਹੈ। ਮਾਨ ਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਰਿਸ਼ਵਤ ਤੋਂ ਨਿਯੁਕਤੀਆਂ ਹੋਈਆਂ ਹਨ ਤੇ ਉਹ ਵੀ ਇਸ ਤੋਂ ਗੁਰੇਜ਼ ਕਰਨ ਕਿਉਂਕਿ ਰਿਸ਼ਵਤ ਲੈਣਾ ਇੱਕ ਮਾਨਸਿਕ ਬੀਮਾਰੀ ਹੈ।
ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ 315 ਪਰਿਵਾਰਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਯੋਗ ਤੇ ਕਾਬਿਲ ਲੋਕਾਂ ਨੂੰ ਨੌਕਰੀ ਮਿਲੀ ਹੈ। ਮਾਨ ਨੇ ਪਸ਼ੂ ਪਾਲਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀ ਤੋਂ ਬਾਅਦ ਜੇਕਰ ਪੰਜਾਬ ਦੇ ਕਿਸਾਨ ਲਈ ਕੋਈ ਲਾਹੇਵੰਦ ਧੰਦਾ ਹੈ ਤਾਂ ਉਹ ਪਸ਼ੂ ਪਾਲਣ ਦਾ ਕੰਮ ਹੈ, ਜਿਸ ਵਿੱਚ ਮੱਛੀ ਪਾਲਣ , ਗਾਵਾਂ ਅਤੇ ਮੱਝਾਂ ਪਾਲਣਾ ਸ਼ਾਮਲ ਹਨ।
ਮਾਨ ਨੇ ਵੇਰਕਾ ਲਈ ਵੱਡਾ ਐਲਾਨ ਮੁੜ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੇਰਕਾ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਬਰੈਂਡ ਬਣਾਵੇਗੀ, ਜਿਸ ਨਾਲ ਪੰਜਾਬ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਦਰਵਾਜ਼ੇ ਖੁੱਲਣਗੇ। ਮਾਨ ਨੇ ਦਾਅਵਾ ਕੀਤਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਫੂਡ ਪ੍ਰੋਸੈਸਿੰਗ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਦੁੱਧ, ਦਹੀਂ, ਫਲ ਅਤੇ ਸਬਜੀਆਂ ਭੇਜਣ ਲਈ ਵਿਚਾਰ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦਿੱਲੀ , ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਵੇਰਕਾ ਦੇ ਦਫਤਰ ਖੋਲੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਹੀ ਇੱਥੇ ਹੀ ਨੌਕਰੀਆਂ ਮਿਲ ਜਾਣ ਤਾਂ ਨਾ ਹੀ ਉਹ ਵਿਦੇਸ਼ਾਂ ਨੂੰ ਭੱਜਣਗੇ ਅਤੇ ਨਾ ਹੀ ਨਸ਼ਿਆਂ ‘ਚ ਪੈਣਗੇ।
ਬਿਜਲੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਜ਼ੀਰੋ ਬਿਲ ਆਉਣ ਲੱਗ ਗਏ ਹਨ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਸੁਵਿਧਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦਾ ਨਾਮ ਹੈ ਸਰਕਾਰ ਤੁਹਾਡੇ ਦੁਆਰ। ਮਾਨ ਨੇ ਕਿਹਾ ਕਿ 40 ਅਜਿਹੀਆਂ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਕਿਸੇ ਨੂੰ ਦਫਤਰ ਜਾਣ ਦੀ ਕੋਈ ਲੋੜ ਨਹੀਂ ਹੋਵੇਗੀ, ਇੱਕ ਐਪ ਰਾਹੀਂ ਸਾਰਾ ਕੰਮ ਹੋਵੇਗਾ।