Punjab

ਪੰਜਾਬ ਸਰਕਾਰ ਕਰਿਆ ਕਰੂ ਹੋਮ ਡਿਲਿਵਰੀ

ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਸੁਧਾਰ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਮਹਿਕਮੇ ਵਿੱਚ ਰਿਕਾਰਡ ਦੇ ਡਿਜੀਟਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇੱਕ ਆਨਲਾਈਨ ਪੋਰਟਲ ਜਾਰੀ ਕੀਤਾ ਜਾਵੇਗਾ। ਪੰਜਾਬ ਵਾਸੀ ਫੋਨ ਉੱਤੇ ਆਪਣੀ ਜ਼ਮੀਨ ਦੀਆਂ ਗਿਰਦਾਵਰੀਆਂ ਦੇਖ ਸਕਣਗੇ ਅਤੇ ਸਰਕਾਰ ਫਰਦਾਂ ਦੀ ਹੋਮ ਡਿਲਿਵਰੀ ਵੀ ਕਰੇਗੀ।

ਲੋਕਾਂ ਨੂੰ ਮੈਸੇਜ ਜਾਂ ਈਮੇਲ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਅਤੇ ਹਰੇਕ ਅਕਾਊਂਟ ਨੂੰ ਫੋਨ ਨਾਲ ਜੋੜਿਆ ਜਾਵੇਗਾ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮਹਿਕਮੇ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਧਾਰਾਂ ਸਬੰਧੀ ਜਿਹੜੇ ਫੈਸਲੇ ਲੈਣਗੇ, ਉਨ੍ਹਾਂ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਰਜਿਸਟਰੀਆਂ ਲਈ ਤਰੀਕ ਆਨਲਾਈਨ ਮਿਲਣੀ ਸ਼ੁਰੂ ਹੋ ਗਈ ਹੈ। ਸਰਕਾਰੀ ਬੁਲਾਰੇ ਵੱਲੋਂ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਮਾਲ ਵਿਭਾਗ ਦੀ ਆਮਦਨ ਵਧੀ ਹੈ। ਅਪ੍ਰੈਲ 2021 ਵਿੱਚ ਸਰਕਾਰ ਨੂੰ 270 ਕਰੋੜ 31 ਲੱਖ 17 ਹਜ਼ਾਰ 154 ਰੁਪਏ ਰਜਿਸਟਰੀਆਂ ਤੋਂ ਆਮਦਨ ਹੋਈ ਸੀ ਜਦਕਿ ਅਪ੍ਰੈਲ 2022 ਵਿੱਚ ਸਰਕਾਰ ਨੂੰ 352 ਕਰੋੜ 62 ਲੱਖ 47 ਹਜ਼ਾਰ 886 ਦੀ ਆਮਦਨ ਹੋਈ ਹੈ। ਇਹ ਵਾਧਾ 30.45 ਫ਼ੀਸਦੀ ਦੱਸਿਆ ਗਿਆ ਹੈ।