Punjab

ਕੈਬਨਿਟ ਮੰਤਰੀਆਂ ਨੂੰ ਰਾਜਪਾਲ ਨੇ ਚੁਕਾਈ ਸਹੁੰ

‘ਦ ਖ਼ਾਲਸ ਬਿਊਰੋ :ਪੰਜਾਬ ਰਾਜ ਭਵਨ ਚੰਡੀਗੜ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦਾ ਸ਼ਾਨਦਾਰ ਸਹੁੰ ਚੁੱਕ ਸਮਾਗਮ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਪਿੰਡ ਖਟਤੜ ਕਲਾਂ ਵਿੱਖੇ ਹੋਇਆ ਸੀ।ਰਾਜਭਵਨ ਵਿੱਖੇ ਹੋਏ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਹਰਿਆਣੇ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਵੀ ਹਾਜ਼ਰ ਸਨ।
ਇਹਨਾਂ 10 ਮੰਤਰੀਆਂ ਵਿੱਚੋਂ 5 ਮਾਲਵਾ ਖੇਤਰ,4 ਮਾਝਾ ਖੇਤਰ ਤੋਂ ਤੇ ਇੱਕ ਦੋਆਬਾ ਖੇਤਰ ਨਾਲ ਸੰਬੰਧਤ ਹਨ ਤੇ ਇਹਨਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ।
ਭਗਵੰਤ ਮਾਨ ਦੇ 10 ਮੰਤਰੀਆਂ ਵਿੱਚ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਦਿੜ੍ਹਬਾ ਤੋਂ ਦੂਜੀ ਵਾਰ ਵਿਧਾਇਕ ਬਣੇ ਤੇ ਪੇਸ਼ੇ ਤੋਂ ਵਕੀਲ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹਨ। ਮੰਤਰੀ ਬਣਨ ਵਾਲਿਆਂ ਵਿੱਚ ਮਲੋਟ ਤੋਂ ਵਿਧਾਇਕ ਅਤੇ ‘ਆਪ’ ਦੇ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਧੀ ਡਾ: ਬਲਜੀਤ ਕੌਰ ਵੀ ਸ਼ਾਮਲ ਹੈ, ਜੋ ਤਿੰਨ ਮਹੀਨੇ ਪਹਿਲਾਂ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਈ ਸੀ।
ਹਰਭਜਨ ਸਿੰਘ ਈਟੀਓ ਵੀ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਸ਼ਾਮਲ ਹਨ। ਹਰਭਜਨ ਸਿੰਘ ਜੰਡਿਆਲਾ ਤੋਂ ਵਿਧਾਇਕ ਹਨ ਅਤੇ ਪੀਸੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 2012 ਵਿੱਚ ਈਟੀਓ ਬਣੇ ਸਨ।
ਡਾ: ਵਿਜੇ ਸਿੰਗਲਾ ਨੇ ਵੀ ਅੱਜ ਮੰਤਰੀ ਵਜੋਂ ਸਹੁੰ ਚੁੱਕੀ। ਉਸ ਨੇ ਮਾਨਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ ਅਤੇ ਪੇਸ਼ੇ ਤੋਂ ਦੰਦਾਂ ਦਾ ਡਾਕਟਰ ਹੈ। ਭੋਆ ਤੋਂ ਵਿਧਾਇਕ ਲਾਲਚੰਦ ਕਟਾਰੂਚੱਕ ਨੇ ਵੀ ਸਹੁੰ ਚੁੱਕੀ। ਉਹ ਪੇਸ਼ੇ ਤੋਂ ਸਮਾਜ ਸੇਵੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਬੀ.ਟੈਕ ਕਰ ਚੁੱਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਮੰਤਰੀ ਇਸ ਦੇ ਨਾਲ ਹੀ ਪੇਸ਼ੇ ਤੋਂ ਕਿਸਾਨ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਹਲਕਾ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੇਸ਼ੇ ਵੱਜੋਂ ਉਹ ਵੀ ਇਕ ਕਿਸਾਨ ਅਤੇ ਕਮਿਸ਼ਨ ਏਜੰਟ ਹਨ। ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜ਼ਿੰਪਾ ਨੇ ਵੀ ਸਹੁੰ ਚੁੱਕੀ। ਉਸਦਾ ਆਪਣਾ ਕਾਰੋਬਾਰ ਹੈ।
ਇਸ ਦੇ ਨਾਲ ਹੀ 31 ਸਾਲਾ ਹਰਜੋਤ ਸਿੰਘ ਬੈਂਸ ਇਸ ਸਰਕਾਰ ਦੇ ਸਭ ਤੋਂ ਨੌਜਵਾਨ ਮੰਤਰੀ ਹਨ। ਬੈਂਸ ਨੇ ਆਨੰਦਪੁਰ ਸਾਹਿਬ ਤੋਂ 45 ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ ਹੈ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਪੜ੍ਹਾਈ ਕੀਤੀ ਹੈ।
ਇਸ ਤੋਂ ਇਲਾਵਾ ਕਈ ਅਜਿਹੇ ਵੱਡੇ ਨਾਂ ਹਨ, ਜਿਨ੍ਹਾਂ ਦੇ ਮੰਤਰੀ ਬਣਨ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹਾਲਾਂਕਿ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲ ਸਕਿਆ।