Punjab

ਧਰਨੇ ‘ਚ ਦੋ ਕਿਸਾਨਾਂ ਦੀ ਮੌਤ, ਪੀੜਤ ਪਰਿਵਾਰਾਂ ਨੂੰ ਸਰਕਾਰ ਦੇਵੇਗੀ 10-10 ਲੱਖ ਦੇ ਚੈੱਕ

Two farmers died in the strike, the government will give checks of 10 lakh each to the families of the victims

ਚੰਡੀਗੜ੍ਹ : ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ ਲੱਗੇ ਧਰਨੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਸੀ। ਪੰਜਾਬ ਸਰਕਾਰ ਵੱਲੋਂ ਧਰਨੇ ਵਾਲੀ ਥਾਂ ’ਤੇ ਹੀ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦੇ ਚੈੱਕ ਦਿੱਤੇ ਜਾਣਗੇ। ਇਸ ਤੋਂ ਬਾਅਦ ਕਿਸਾਨ ਜੇਤੂ ਰੈਲੀ ਕੱਢਦੇ ਹੋਏ ਧਰਨਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਪਰਤਣਗੇ।

ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਰੀਬ 20 ਦਿਨਾਂ ਤੋਂ ਲਾਇਆ ਗਿਆ ਪੱਕਾ ਮੋਰਚਾ ਅੱਜ ਦੁਪਹਿਰ ਤੱਕ ਚੁੱਕ ਲਿਆ ਜਾਵੇਗਾ। ਇਸ ਸਮੇਂ ਕਿਸਾਨ ਧਰਨੇ ਦੌਰਾਨ ਜਾਨ ਗਵਾਉਣ ਵਾਲੇ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 10-10 ਲੱਖ ਰੁਪਏ ਦੇ ਚੈੱਕ ਸੌਂਪੇ ਜਾਣ ਦੀ ਉਡੀਕ ਕਰ ਰਹੇ ਹਨ।

ਪੱਕੇ ਮੋਰਚੇ ਵਿੱਚ ਦੋ ਕਿਸਾਨਾਂ ਦੀ ਮੌਤ

ਪੱਕੇ ਮੋਰਚੇ ਚ 13ਵੇਂ ਦਿਨ ਜੱਥੇਬੰਦੀ ਦਾ ਕਿਸਾਨ ਕਾਰਕੁੰਨ ਪਿੰਡ ਅਕੋਈ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਕਰਨੈਲ ਸਿੰਘ ਦੀ ਮੋਰਚੇ ਵਿਚ ਅਚਾਨਕ ਮੌਤ ਹੋ ਗਈ। ਕਿਸਾਨ ਪਿੰਡ ਅਕੋਈ ਸਾਹਿਬ ਦਾ ਕਰਨੈਲ ਸਿੰਘ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਜਾਨ ਚਲੀ ਗਈ। ਇਸ ਤੋਂ ਪਹਿਲਾਂ ਪੱਕੇ ਮੋਰਚੇ ਦੌਰਾਨ 16 ਅਕਤੂਬਰ ਦੀ ਰਾਤ ਤਕਰੀਬਨ ਸਾਢੇ ਨੌਂ ਵਜੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਪਿੰਡ ਬਖੋਰਾ ਦੇ ਕਿਸਾਨ ਗੁਰਚਰਨ ਸਿੰਘ ਦੀ ਜ਼ਹਿਰੀਲੇ ਸੱਪ ਦੇ ਡੱਸਣ ਕਾਰਨ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ। ਕਿਸਾਨ ਗੁਰਚਰਨ ਸਿੰਘ ਦੀ ਉਮਰ ਤਕਰੀਬਨ 65 ਸਾਲ ਹੈ।

ਕਰਨੈਲ ਸਿੰਘ ਅਤੇ ਗੁਰਚਰਨ ਸਿੰਘ ਦੀ ਫਾਈਲ ਫੋਟੋ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 28 ਅਕਤੂਬਰ 2022 ਨੂੰ ਪਟਿਆਲਾ ਦੇ ਸਰਕਟ ਹਾਊਸ ਵਿਖੇ ਭਾਕਿਯੂ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਪੰਜ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਾਂਝੇ ਤੌਰ ’ਤੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੀਆਂ ਮੰਗਾਂ ਲਿਖਤੀ ਤੌਰ ’ਤੇ ਮੰਨ ਲਈਆਂ ਹਨ ਅਤੇ ਅੱਜ ਧਰਨਾ ਚੁੱਕ ਲਿਆ ਜਾਵੇਗਾ।

ਕਿਸਾਨ ਜਥੇਬੰਦੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਮੰਗਾਂ ਬਾਰੇ ਲਿਖਤੀ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਅੱਜ ਧਰਨਾ ਖਤਮ ਕਰ ਦਿੱਤਾ ਜਾਵੇਗਾ। ਕੱਲ੍ਹ ਕਿਸਾਨਾਂ ਵੱਲੋਂ ਰੈਲੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਧਰਨੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਕਿਸਾਨਾਂ ਨੇ 9 ਅਕਤੂਬਰ ਤੋਂ ਸੰਗਰੂਰ ਵਿਚ ਧਰਨਾ ਸ਼ੁਰੂ ਕੀਤਾ ਹੋਇਆ ਸੀ। ਜਥੇਬੰਦੀ ਨੇ ਸਰਕਾਰ ਉਤੇ ਵਾਅਦਿਆਂ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਸੀ। ਜਥੇਬੰਦੀ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਮੰਗਾਂ ਬਾਰੇ ਲਿਖਤੀ ਰੂਪ ਵਿਚ ਦੇਣ। ਅੱਜ ਖੇਤੀ ਮੰਤਰੀ ਨੇ ਮੀਟਿੰਗ ਵਿਚ ਲਿਖਤੀ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਕੱਲ੍ਹ ਤੋਂ ਧਰਨਾ ਚੁੱਕ ਲਵੇਗੀ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਉੱਤੇ ਸਹਿਮਤੀ ਬਣ ਗਈ ਹੈ ਅਤੇ ਕੱਲ ਨੂੰ ਕਿਸਾਨ ਆਪਣਾ ਧਰਨਾ ਇਥੋਂ ਚੁੱਕ ਲੈਣਗੇ। ਇਸ ਸਬੰਧ ਵਿੱਚ ਲਿਖਤੀ ਰੂਪ ਵਿੱਚ ਵੀ ਪੱਤਰ ਦੇ ਦਿੱਤਾ ਗਿਆ ਹੈ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਖੇਤੀਬਾੜੀ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹਰ ਮੰਗ ਉੱਤੇ ਵਿਚਾਰ ਕੀਤੀ ਗਈ ਹੈ ਤੇ ਹੁਣ ਸਰਕਾਰ ਨੇ ਇਸ ਹਰ ਇੱਕ ਮੰਗ ਲਈ ਅਲੱਗ ਅਲੱਗ ਸਮਾਂ ਨਿਰਧਾਰਤ ਕਰ ਦਿੱਤਾ ਹੈ ।

ਕਿਸਾਨਾਂ ਨੇ 9 ਅਕਤੂਬਰ ਤੋਂ ਮੁੱਖ ਮੰਤਰੀ ਮਾਨ ਦੇ ਘਰ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਸੀ। ਕਿਸਾਨਾਂ ਦੀਆਂ ਮੁੱਖ ਮੰਗਾਂ ਸਨ :

• ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ ਜਾਂ ਗੜੇਮਾਰੀ,ਭਾਰੀ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਸਣੇ ਨੁਕਸਾਨੇ ਮਕਾਨਾਂ ਦਾ ਪੂਰਾ ਮੁਆਵਜ਼ਾ
• ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ਸੰਸਾਰ ਬੈਂਕ ਦੀ ਜਲ ਨੀਤੀ ਨੂੰ ਰੱਦ ਕਰਨਾ
• ਜੀਰਾ ਫੈਕਟਰੀ ਬੰਦ ਕਰਵਾਉਣਾ ਅਤੇ ਭਾਰਤ ਮਾਲ਼ਾ ਹਾਈਵੇਅ ਪ੍ਰਾਜੈਕਟ ਲਈ ਸਹੀ ਮੁਆਵਜ਼ਾ
• ਸਮੇਤ ਹੋਰ ਵੀ ਕਈ ਮੰਗਾਂ ਸ਼ਾਮਲ ਸਨ।

ਹਾਲਾਂਕਿ ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਨਾਲ ਹੋਈ ਮੀਟਿੰਗ ਵਿੱਚ ਮੰਗਾਂ ਉੱਤੇ ਸਹਿਮਤੀ ਬਣ ਗਈ ਸੀ ਪਰ ਕਿਸਾਨਾਂ ਦੀ ਮੰਗ ਸੀ ਕਿ ਮੰਗਾਂ ਬਾਰੇ ਲਿਖਤੀ ਰੂਪ ਵਿੱਚ ਦਿੱਤਾ ਜਾਵੇ, ਜਿਸ ਤੋਂ ਬਾਅਦ ਬੀਕੇਯੂ ਏਕਤਾ ਉਗਰਾਹਾਂ ਨੇ ਸੰਗਰੂਰ ਵਿੱਖੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ,ਜਿਸ ਨੂੰ ਹੁਣ ਖ਼ਤਮ ਕਰਨ ਦਾ ਐਲਾਨ ਕਿਸਾਨ ਆਗੂਆਂ ਨੇ ਕਰ ਦਿੱਤਾ ਹੈ।