Khetibadi Video

ਹੁਣ ਛੋਟੇ ਮਧੂ ਮੱਖੀ ਪਾਲਕ ਵੀ ਕਰ ਸਕਣਗੇ ਸ਼ਹਿਦ ਦਾ Export, ਜਾਣੋ ਕਿਵੇਂ

ਚੰਡੀਗੜ੍ਹ -ਮਧੂ ਮੱਖੀ ਪਾਲਕਾਂ ਲਈ ਚੰਗੀ ਖਬਰ ਆਈ ਹੈ। ਕੇਂਦਰ ਸਰਕਾਰ ਨੇ ਸ਼ਹਿਦ ਦਾ ਘੱਟੋ-ਘੱਟ ਬਰਾਮਦ ਮੁੱਲ 2000 ਡਾਲਰ ਪ੍ਰਤੀ ਟਨ ਤੈਅ ਕਰ ਦਿੱਤਾ ਐ। ਹੁਣ ਇਸ ਮੁੱਲ ਤੋਂ ਘੱਟ ਕੇ ਕੋਈ ਵੀ ਸ਼ਹਿਦ ਨੂੰ ਐਕਸਪੋਰਟ ਨਹੀਂ ਕਰ ਸਕੇਗਾ। ਇਸ ਫੈਸਲੇ ਨਾਲ ਛੋਟੇ ਮਧੂ ਮੱਖੀ ਪਾਲਕਾਂ ਨੂੰ ਸਿੱਧਾ ਫਾਇਦਾ ਹੋਵੇਗਾ।

ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਤਿੰਦਰ ਸੋਹੀ ਮੁਤਾਬਕ ਇਸ ਤੋਂ ਪਹਿਲਾਂ ਵਪਾਰੀ ਜਾਂ ਵੱਡੇ ਸ਼ਹਿਦ ਪਾਲਕ ਮੁਕਾਬਲੇ ਨੂੰ ਖਤਮ ਕਰਨ ਲਈ ਘੱਟ ਕੇ ਸ਼ਹਿਦ ਦਾ ਐਕਸਪੋਰਟ ਕਰ ਰਹੇ ਸਨ, ਜਿਸ ਨਾਲ ਛੋਟੇ ਸ਼ਹਿਦ ਉਤਪਾਦਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਸੀ। ਉਨ੍ਹਾਂ ਨੂੰ ਮਜਬੂਰਨ ਵਪਾਰੀਆਂ ਦੇ ਹੱਥੋਂ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਸੀ। ਪਰ ਹੁਣ ਬਰਾਮਦ ਦਾ ਇੱਕ ਨਿਰਧਾਰਤ ਮੁੱਲ ਤੈਅ ਹੋਣ ਨਾਲ ਉਹ ਵੀ ਸ਼ਹਿਦ ਦਾ ਐਕਸਪੋਰਟ ਕਰ ਸਕਣਗੇ। ਜਿਸ ਨਾਲ ਚੰਗੀ ਕਮਾਈ ਹੋ ਸਕੇਗੀ।

ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, “ਕੁਦਰਤੀ ਸ਼ਹਿਦ ਦੀ ਬਰਾਮਦ ਪਹਿਲਾਂ ਮੁਫਤ ਸੀ। 31 ਦਸੰਬਰ, 2024 ਤੱਕ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, $2,000 ਪ੍ਰਤੀ ਟਨ ਦਾ ਘੱਟੋ-ਘੱਟ ਨਿਰਯਾਤ ਮੁੱਲ (MEP) ਲਗਾਇਆ ਜਾਂਦਾ ਹੈ। ਚਾਲੂ ਵਿੱਤੀ ਸਾਲ (2023-24) ਵਿੱਚ ਅਪ੍ਰੈਲ-ਜਨਵਰੀ ਦੌਰਾਨ 15 ਕਰੋੜ 32.1 ਲੱਖ ਡਾਲਰ ਦੇ ਕੁਦਰਤੀ ਸ਼ਹਿਦ ਦੀ ਬਰਾਮਦਗੀ ਹੋਈ। ਵਿੱਤੀ ਸਾਲ 2022-23 ਵਿੱਚ ਇਸਦੀ ਕੀਮਤ 203 ਮਿਲੀਅਨ ਡਾਲਰ ਸੀ।

ਸ਼ਹਿਦ ਉਤਪਾਦਕਾਂ ਅਤੇ ਨਿਰਯਾਤਕਾਂ ਦੀ ਪ੍ਰਮੁੱਖ ਸੰਸਥਾ ‘ਕਨਫੈਡਰੇਸ਼ਨ ਆਫ ਐਪੀਕਲਚਰ ਇੰਡਸਟਰੀ’ ਦੇ ਸੀਨੀਅਰ ਅਧਿਕਾਰੀ ਨੇ ਇਸ ਕਦਮ ਨੂੰ ਦੇਸ਼ ਦੇ ਸ਼ਹਿਦ ਉਤਪਾਦਕ ਕਿਸਾਨਾਂ ਲਈ ਚੰਗਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਚੰਗੀਆਂ ਕੀਮਤਾਂ ਮਿਲਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ, ‘ਆਪਸ ਵਿੱਚ ਮੁਕਾਬਲੇ ਕਾਰਨ ਸ਼ਹਿਦ ਬਰਾਮਦਕਾਰ ਘੱਟ ਕੀਮਤ ‘ਤੇ ਸ਼ਹਿਦ ਬਰਾਮਦ ਕਰ ਰਹੇ ਸਨ ਅਤੇ ਇਸ ਕਾਰਨ ਸ਼ਹਿਦ ਉਤਪਾਦਕ ਕਿਸਾਨਾਂ ਤੋਂ ਸਸਤੇ ਭਾਅ ‘ਤੇ ਸ਼ਹਿਦ ਖਰੀਦਦੇ ਸਨ। ਬਰਾਮਦਕਾਰਾਂ ਨੂੰ ਸਾਲ 2022-23 ‘ਚ ਸ਼ਹਿਦ ਦੀ ਬਰਾਮਦ ਲਈ ਪ੍ਰਤੀ ਟਨ ਲਗਭਗ 3,000 ਡਾਲਰ ਦੀ ਕੀਮਤ ਮਿਲਦੀ ਸੀ, ਜੋ ਕਿ ਆਪਸੀ ਮੁਕਾਬਲੇ ਕਾਰਨ ਇਸ ਸਮੇਂ ਘੱਟ ਕੇ 1,400 ਡਾਲਰ ਪ੍ਰਤੀ ਟਨ ‘ਤੇ ਆ ਗਈ ਹੈ। ਪਰ ਪਿਛਲੇ ਮਹੀਨੇ, CAI ਸ਼ਹਿਦ ਉਤਪਾਦਕ ਕਿਸਾਨਾਂ ਅਤੇ ਸ਼ਹਿਦ ਬਰਾਮਦਕਾਰਾਂ ਦੀ ਵਣਜ ਮੰਤਰਾਲੇ (ਜਿਸ ਦੇ ਅਧੀਨ DGFT ਆਉਂਦਾ ਹੈ) ਦੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨਾਲ ਹੋਈ ਮੀਟਿੰਗ ਵਿੱਚ ਇਹ ਆਪਸੀ ਸਹਿਮਤੀ ਬਣੀ ਸੀ ਕਿ ਐਮਈਪੀ ਲਾਗੂ ਹੋਣ ਤੋਂ ਬਾਅਦ, ਬਰਾਮਦਕਾਰਾਂ ਨੂੰ ਸ਼ਹਿਦ ਵੇਚਣਾ ਹੋਵੇਗਾ ਅਤੇ ਜੇਕਰ ਉਨ੍ਹਾਂ ਨੂੰ ਵੱਧ ਭਾਅ ਮਿਲਦੇ ਹਨ, ਤਾਂ ਉਨ੍ਹਾਂ ਨੂੰ ਕਿਸਾਨਾਂ ਨੂੰ ਵੱਧ ਕੀਮਤ ਦੇਣੀ ਪਵੇਗੀ।

ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ (2023-24) ਵਿੱਚ ਅਪ੍ਰੈਲ-ਜਨਵਰੀ ਦੌਰਾਨ ਕੁਦਰਤੀ ਸ਼ਹਿਦ ਦੇ ਨਿਰਯਾਤ ਤੋਂ ਪ੍ਰਾਪਤੀ 2022-23 ਦੇ 203 ਮਿਲੀਅਨ ਡਾਲਰ ਦੇ ਮੁਕਾਬਲੇ ਘਟ ਕੇ 153.21 ਮਿਲੀਅਨ ਡਾਲਰ ਰਹਿ ਗਈ, ਕਿਉਂਕਿ ਘੱਟ ਕੀਮਤਾਂ ‘ਤੇ ਨਿਰਯਾਤਕਾਰਾਂ ਵਿਚਕਾਰ ਮੁਕਾਬਲਾ ਸੀ। ਦੱਸ ਦੇਈਏ ਕਿ ਪ੍ਰਮੁੱਖ ਨਿਰਯਾਤ ਸਥਾਨਾਂ ਵਿੱਚ ਅਮਰੀਕਾ ਅਤੇ ਯੂਏਈ ਸ਼ਾਮਲ ਹਨ।