‘ਦ ਖ਼ਾਲਸ ਬਿਊਰੋ : ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਾਅਲੀ ਖਬਰਾਂ ਦੇਣ ਦੇ ਇਲਜ਼ਾਮ ‘ਚ ਸਖ਼ਤ ਕਦਮ ਚੁੱਕਦਿਆਂ ਸੱਤ ਭਾਰਤੀ ਅਤੇ ਇੱਕ ਪਾਕਿਸਤਾਨ ਅਧਾਰਤ ਯੂਟਿਊਬ ਨਿਊਜ਼ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਨ੍ਹਾਂ ਚੈਨਲਾਂ ਉੱਤੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਗਾਉਂਦਿਆਂ ਇਹ ਕਦਮ ਚੁੱਕਿਆ ਹੈ।
ਬਲਾਕ ਕੀਤੇ ਚੈਨਲਾਂ ਦੇ 114 ਕਰੋੜ ਤੋਂ ਵੱਧ ਵਿਊਜ਼ ਅਤੇ 85.73 ਲੱਖ ਗਾਹਕ ਸਨ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਫੇਸਬੁੱਕ ਅਕਾਉਂਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦੋ ਪੋਸਟਾਂ ਨੂੰ ਵੀ ਬਲੌਕ ਕੀਤਾ ਗਿਆ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਕੁਝ YouTube ਚੈਨਲਾਂ ਦੁਆਰਾ ਪ੍ਰਕਾਸ਼ਤ ਸਮੱਗਰੀ ਦਾ ਉਦੇਸ਼ ਭਾਰਤ ਵਿੱਚ ਧਾਰਮਿਕ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣਾ ਸੀ ਅਤੇ ਵੱਖ-ਵੱਖ ਵੀਡੀਓਜ਼ ਵਿੱਚ ਝੂਠੇ ਦਾਅਵੇ ਪੇਸ਼ ਕੀਤੇ ਗਏ ਸਨ।
ਬਲਾਕ ਕੀਤੇ ਗਏ ਚੈਨਲਾਂ ਵਿੱਚ ਭਾਰਤੀ ਚੈਨਲ ਲੋਕਤੰਤਰ ਟੀਵੀ, ਯੂ ਐਂਡ ਵੀ ਟੀਵੀ, ਏਐੱਮ ਰਜ਼ਵੀ, ਗੌਰਵਸ਼ਾਲੀ ਪਵਨ ਮਿਥਿਲਾਂਚਲ, ਸੀਟਾੱਪ5ਟੀਐੱਚ, ਸਰਕਾਰੀ ਅਪਡੇਟ, ਸਭ ਕੁਝ ਦੇਖੋ ਅਤੇ ਇੱਕ ਪਾਕਿਸਤਾਨੀ ਚੈਨਲ ਨਿਊਜ਼ ਕੀ ਦੁਨੀਆ ਸ਼ਾਮਿਲ ਹਨ। ਭਾਰਤੀ ਯੂਟਿਊਬ ਚੈਨਲ ਲੋਕਤੰਤਰ ਟੀਵੀ ਦਾ ਫੇਸਬੁੱਕ ਅਕਾਊਂਟ ਵੀ ਬੰਦ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਜਿਵੇਂ ਕਿ ਕੇਂਦਰ ਸਰਕਾਰ ਨੇ ਧਾਰਮਿਕ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ ਅਤੇ ਧਾਰਮਿਕ ਤਿਉਹਾਰ ਮਨਾਉਣ ‘ਤੇ ਪਾਬੰਦੀ ਲਗਾਈ ਹੈ ਫੈਲਾਈਆਂ ਜਾ ਰਹੀਆਂ ਹਨ। ਇੱਕ ਚੈਨਲ ਨੇ ਤਾਂ ਭਾਰਤ ਵਿੱਚ ਧਾਰਮਿਕ ਯੁੱਧ ਦੇ ਐਲਾਨ ਤੱਕ ਵਾਲੀ ਖ਼ਬਰ ਵੀ ਛਾਪ ਦਿੱਤੀ।
ਮੰਤਰਾਲੇ ਨੇ ਇਨ੍ਹਾਂ ਯੂਟਿਊਬ ਚੈਨਲਾਂ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਚੈਨਲ ਭਾਰਤੀ ਹਥਿਆਰਬੰਦ ਬਲਾਂ ਅਤੇ ਜੰਮੂ ਅਤੇ ਕਸ਼ਮੀਰ ਵਰਗੇ ਮੁੱਦਿਆਂ ‘ਤੇ ਵੀ “ਜਾਅਲੀ ਖ਼ਬਰਾਂ” ਪੋਸਟ ਕਰਦੇ ਸਨ, ਜੋ ਕਿ “ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਲਈ ਬਹੁਤ ਸੰਵੇਦਨਸ਼ੀਲ ਹਨ।
ਮੰਤਰਾਲੇ ਨੇ ਕਿਹਾ ਕਿ ਬਲਾਕ ਕੀਤੇ ਗਏ ਇਹ ਭਾਰਤੀ ਚੈਨਲ ਦਰਸ਼ਕਾਂ ਨੂੰ ਇਹ ਵਿਸ਼ਵਾਸ ਜਿਵਾਉਣ ਜਾਂ ਭਰਮਾਉਣ ਲਈ ਕਿ ਉਨ੍ਹਾਂ ਦੀ ਸਮੱਗਰੀ ਪ੍ਰਮਾਣਿਕ ਹੈ, ਨਕਲੀ ਅਤੇ ਸਨਸਨੀਖੇਜ਼ ਥੰਬਨੇਲ (Thumbnail), ਨਿਊਜ਼ ਐਂਕਰਾਂ ਦੀਆਂ ਤਸਵੀਰਾਂ ਅਤੇ ਕੁਝ ਟੀਵੀ ਨਿਊਜ਼ ਚੈਨਲਾਂ ਦੇ ਲੋਗੋ ਦੀ ਵਰਤੋਂ ਕਰ ਰਹੇ ਸਨ। ਸਾਰੇ ਚੈਨਲ ਆਪਣੇ ਵੀਡੀਓਜ਼ ਵਿੱਚ ਝੂਠੀ ਸਮੱਗਰੀ ਵਾਲੇ ਇਸ਼ਤਿਹਾਰ ਦਿਖਾ ਰਹੇ ਸਨ ਜੋ ਕਿ “ਫਿਰਕੂ ਸਦਭਾਵਨਾ, ਜਨਤਕ ਵਿਵਸਥਾ ਅਤੇ ਭਾਰਤ ਦੇ ਵਿਦੇਸ਼ੀ ਸਬੰਧਾਂ ਲਈ ਵੀ ਨੁਕਸਾਨਦੇਹ” ਸੀ।
ਪਿਛਲੇ ਸਾਲ ਦਸੰਬਰ ਤੋਂ ਮੰਤਰਾਲੇ ਨੇ 102 ਯੂਟਿਊਬ ਨਿਊਜ਼ ਚੈਨਲਾਂ ਅਤੇ ਕਈ ਹੋਰ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।
ਜਨਵਰੀ 2022 ਵਿੱਚ ਵੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਾਅਲੀ ਖਬਰਾਂ ਦੇਣ ਦੇ ਇਲ ਜ਼ਾਮ ‘ਚ 35 ਯੂਟਿਊਬ ਚੈਨਲਾਂ ਅਤੇ 2 ਵੈਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ। ਇਨ੍ਹਾਂ ਚੈਨਲਾਂ ਅਤੇ ਵੈਬਸਾਈਟ ਨੂੰ ਪਾਕਿਸਤਾਨ ਤੋਂ ਚਲਾਏ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਸੀ।