‘ਦ ਖ਼ਾਲਸ ਬਿਊਰੋ : ਸਾਲ 2021 ਖੱਟੀਆਂ-ਮਿੱਠੀਆਂ ਯਾਦਾਂ ਛੱਡ ਕੇ ਆਪਣੀ ਆਖ਼ਰੀ ਮੰਜ਼ਿਲ ਵੱਲ ਵੱਧ ਰਿਹਾ ਹੈ। ਪੰਜਾਬ ਨੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਕਾਫ਼ੀ ਉਤਰਾਅ-ਚੜਾਅ ਵੇਖੇ ਪਰ ਆਖ਼ਰੀ ਮਹੀਨੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਬੇ ਅਦਬੀ ਦੀ ਕੋਸ਼ਿਸ਼ ਦੀ ਘਟ ਨਾ ਨੇ ਪੰਜਾਬੀਆਂ ਦੇ ਦਿਲ ਨੂੰ ਵਿੰਨ੍ਹ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਇਸ ਸਾਲ ਦੀ ਵੱਡੀ ਪ੍ਰਾਪਤੀ ਇਹ ਸੀ ਕਿ ਸਵਾ ਸਾਲ ਕਿਸਾਨ ਲੀਡਰਾਂ ਨੇ ਸਿਆਸਤਦਾਨਾਂ ਨੂੰ ਠੋਕ ਕੇ ਰੱਖਿਆ। ਪੰਜਾਬ ਦੀ ਰਾਜਨੀਤੀ ‘ਤੇ ਹਮੇਸ਼ਾ ਸਮੁੱਚੇ ਦੇਸ਼ ਦੀ ਨਜ਼ਰ ਰਹੀ ਹੈ ਕਿਉਂਕਿ ਇਸ ਸੂਬੇ ਤੋਂ ਵੱਡੀਆਂ ਲਹਿਰਾਂ ਉੱਠਦੀਆਂ ਰਹੀਆਂ ਹਨ। ਕਿਸਾਨੀ ਅੰਦੋਲਨ ਇਸਦੀ ਤਾਜ਼ਾ ਮਿਸਾਲ ਹੈ। ਸਿਆਸੀ ਧਿਰਾਂ ਨੇ ਸ਼ੁਰੂ ਸ਼ੁਰੂ ਵਿੱਚ ਕਿਸਾਨ ਅੰਦੋਲਨ ਵਿੱਚ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਲੀਡਰਾਂ ਨੇ ਕਿਸੇ ਨੂੰ ਘਾਹ ਨਹੀਂ ਪਾਇਆ। ਦੁੱਖ ਇਹ ਹੈ ਕਿ ਹੁਣ ਉਹ ਕਿਸਾਨ ਆਪ ਚੱਕੀ ਦੇ ਉਸੇ ਪੁੜ ਵਿੱਚੋਂ ਲੰਘਣ ਲੱਗੇ ਹਨ। ਪੂਰੇ ਸਾਲ ਪੰਜਾਬ ਦੀ ਸਿਆਸਤ ਉੱਤੇ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਛਾਈ ਰਹੀ। ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਵੀ ਖਿਸਕ ਗਈ। ਅਕਾਲੀਆਂ ਦਾ ਨਸ਼ਿਆਂ ਅਤੇ ਬੇ ਅਦਬੀ ਦੀਆਂ ਘਟਨਾਵਾਂ ਵਿੱਚ ਨਾਂ ਜੁੜਨ ਕਾਰਨ ਹੋਏ-ਹੋਏ ਵੀ ਹੋਈ। ਆਮ ਆਦਮੀ ਪਾਰਟੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ ਇਕੱਠੀ ਨਹੀਂ ਕਰ ਸਕੇ। ਭਾਜਪਾ ਅਤੇ ਅਕਾਲੀਆਂ ਦਾ 25 ਸਾਲ ਪੁਰਾਣਾ ਨਾਤਾ ਤਿੜਕਿਆ, ਉੱਥੇ ਕਈ ਸਿਆਸੀ ਪਾਰਟੀਆਂ ਵੀ ਉੱਠ ਪਈਆਂ, ਜਿਸ ਵਿੱਚ ਮੁੱਖ ਤੌਰ ‘ਤੇ ਅਕਾਲੀ ਦਲ ਸੰਯੁਕਤ, ਪੰਜਾਬ ਮੁਕਤੀ ਮੋਰਚਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਨਾਂ ਸ਼ਾਮਿਲ ਹੈ।
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਅੰਦੋਲਨ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਇਆ। ਕਿਸਾਨਾਂ ਵਿਸ਼ੇਸ਼ ਕਰਕੇ ਪੰਜਾਬ ਦੇ ਸਿੱਖਾਂ ਦੀ ਪੈਂਠ ਦੇਸ਼-ਵਿਦੇਸ਼ ਪਈ। ਸਰਕਾਰ ਦੀਆਂ ਕਿਸਾਨ ਅੰਦੋਲਨ ਫੇਲ੍ਹ ਕਰਨ ਦੀਆਂ ਚਾਲਾਂ ਹੀ ਨਾਕਾਮ ਨਹੀਂ ਰਹੀਆਂ ਸਗੋਂ ਹਠੀ ਅਤੇ ਹੰਕਾਰੀ ਹਾਕਮ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਵੀ ਲੈਣੇ ਪਏ। ਕੁੱਲ ਮਿਲਾ ਕੇ ਪੂਰਾ ਸਾਲ ਕਿਸਾਨ ਅੰਦੋਲਨ ਨੇ ਸਰਕਾਰ ਨੂੰ ਵਖ਼ਤ ਪਾਈ ਰੱਖਿਆ ਅਤੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਉਂਗਲਾਂ ਉੱਤੇ ਨਚਾਇਆ। ਦੇਸ਼ ਵਿਦੇਸ਼ ਤੋਂ ਅੰਦੋਲਨ ਨੂੰ ਮਿਲੀ ਹਮਾਇਤ ਫਤਿਹ ਦਾ ਵਿਸ਼ੇਸ਼ ਸਬੱਬ ਬਣਿਆ। ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸੇ ਸਾਲ ਦੌਰਾਨ ਕੇਂਦਰੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਰੱਦ ਕੀਤਾ ਅਤੇ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ 85 ਫ਼ੀਸਦੀ ਵਾਅਦੇ ਪੂਰੇ ਕਰਨ ਦਾ ਦਮ ਤਾਂ ਭਰਦੇ ਰਹੇ ਪਰ ਉਨ੍ਹਾਂ ਦੀ ਆਪਣੀ ਪਾਰਟੀ ਵਿਚਲੇ ਧੜੇ ਨੇ ਕੁਰਸੀ ਉਲਟਾ ਦਿੱਤੀ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਜਿੱਥੇ ਐਲਾਨਾਂ ਦਾ ਗੇੜਾ ਦੇਈ ਰੱਖਿਆ ਉੱਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਿਆਂ ਦਾ ਕੇਸ ਦਰਜ ਕਰਕੇ ਵੱਖਰੀ ਪਛਾਣ ਬਣਾਈ। ਸਾਲ ਦੇ ਅੰਤਲੇ ਦਿਨੀਂ ਕਾਂਗਰਸ ਦਾ ਕਲੇਸ਼ ਟੀਸੀ ਉੱਤੇ ਪੁੱਜ ਗਿਆ ਜਦੋਂ ਕੈਪਟਨ ਨੂੰ ਲਾਂਭੇ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਅੱਡ-ਅੱਡ ਰਾਹ ਚੁਣ ਲਏ। ਇਸ ਸਾਲ ਭਾਜਪਾ ਨੇ ਕਾਂਗਰਸ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਅਤੇ ਇਹ ਮੁਹਿੰਮ ਨਵੇਂ ਸਾਲ ਵਿੱਚ ਵੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦੀ ਮੁੱਖ ਮੰਤਰੀ ਦੀ ਕੁਰਸੀ ਲਈ ਦੌੜ ਪਾਰਟੀ ਲਈ ਸਭ ਤੋਂ ਵੱਡੀ ਸੱਟ ਸਮਝੀ ਜਾਵੇਗੀ।
ਆਮ ਆਦਮੀ ਪਾਰਟੀ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਹੈ। ਇੱਕ ਸਮਾਂ ਸੀ ਜਦੋਂ ਇਹ ਸਮਝਿਆ ਜਾਣ ਲੱਗਾ ਸੀ ਕਿ ਆਪ ਵਿਰੋਧੀ ਧਿਰ ਵਜੋਂ ਵੱਡੀ ਭੂਮਿਕਾ ਨਿਭਾ ਕੇ ਦੂਜੀ ਪਾਰਟੀ ਨਾਲੋਂ ਅੱਗੇ ਲੰਘ ਜਾਵੇਗੀ ਪਰ ਹਾਲਤ 2017 ਦੀਆਂ ਚੋਣਾਂ ਤੋਂ ਕਿਤੇ ਵੱਧ ਪਤਲੀ ਹੋਵੇਗੀ। ਆਪ ਲਈ ਇਹ ਸਾਲ ਮੁਸ਼ਕਿਲਾਂ ਭਰਿਆ ਰਿਹਾ। ਇੱਕ-ਇੱਕ ਕਰਕੇ ਵਿਧਾਇਕ ਕਿਰਦੇ ਗਏ। ਆਪ ਕੋਲ 20 ਵਿਧਾਇਕਾਂ ਵਿੱਚੋਂ 9 ਹੀ ਪੱਲ਼ੇ ਰਹੇ, ਬਾਕੀ ਸਭ ਨੇ ਕਾਂਗਰਸ ਦਾ ਪੱਲਾ ਫੜ ਲਿਆ। ਇਸ ਸਾਲ ਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਭਗਵੰਤ ਮਾਨ ਦੀ ਪਾਰਟੀ ਸੁਪਰੀਮੋ ਕੇਜਰੀਵਾਲ ਨਾਲ ਨਰਾਜ਼ਗੀ ਵਧੀ ਹੈ। ਪਾਰਟੀ ਦਾ ਚੋਣਾਂ ਲਈ ਕਿਸੇ ਹੋਰ ਧਿਰ ਨਾਲ ਸਿਆਸੀ ਗਠਜੋੜ ਨਹੀਂ ਹੋ ਸਕਿਆ। ਇਸ ਦੌਰਾਨ ਭਗਵੰਤ ਮਾਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਰਲ ਕੇ ਵੱਖਰੀ ਖਿੱਚੜੀ ਪਕਾਉਣ ਲੱਗ ਪਏ ਹਨ। ਤਾਜ਼ ਖ਼ਬਰਾਂ ਅਨੁਸਾਰ ਦੋਵੇਂ ਨੇਤਾ ਅਤੇ ਕਲਾਕਾਰ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੀਆਂ ਵੰਡੀਆਂ ਪਾਉਣ ਲ਼ਈ ਵੀ ਸਹਿਮਤ ਹੋਣ ਦੇ ਨੇੜੇ ਹਨ।
ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਹਾਸ਼ੀਏ ‘ਤੇ ਚਲਾ ਗਿਆ ਹੈ। ਇਸ ਸਾਲ ਵੀ ਦਲ ਲੋਕਾਂ ਨਾਲ ਨਾ ਤਾਂ ਦੂਰੀਆਂ ਘਟਾ ਸਕਿਆ ਅਤੇ ਨਾ ਹੀ ਨਫ਼ਰਤ ਦੀ ਥਾਂ ਪਿਆਰ ਲੈਣ ਵਿੱਚ ਸਫ਼ਲ ਰਿਹਾ। ਕਿਸਾਨੀ ਅੰਦੋਲਨ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫ਼ਾ ਦੇਣਾ ਪਿਆ। ਬਾਵਜੂਦ ਇਸਦੇ ਕਿਸਾਨਾਂ ਨੂੰ ਉਹ ਆਪਣਾ ਨਹੀਂ ਬਣਾ ਸਕੇ। ਸੁਖਬੀਰ ਬਾਦਲ ਦਾ ਕਈ ਰੈਲੀਆਂ ਵਿੱਚ ਵਿਰੋਧ ਹੋਇਆ। ਭਾਜਪਾ ਦੇ ਡਾਕੇ ਨੇ ਅਕਾਲੀ ਦਲ ਨੂੰ ਵੀ ਖੋਰਾ ਲਾਇਆ ਪਰ ਕਾਂਗਰਸ ਦੇ ਬਰਾਬਰ ਨਹੀਂ ਬਣੇ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸਾਲ ਦੇ ਆਖਰੀ ਦਿਨੀਂ ਮਹਿਸੂਸ ਹੋਣ ਲੱਗਾ ਕਿ ਪਾਰਟੀ ਦੇ ਪੈਰ ਨਹੀਂ ਲੱਗ ਰਹੇ ਤਾਂ ਮੁੜ ਸਿਆਸਤ ਦੇ ਬਾਬਾ ਬੋਹੜ ਅਤੇ ਬਾਪ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਵਿੱਚ ਲਿਆਉਣਾ ਪਿਆ। ਹਾਲ ਦੀ ਘੜੀ ਇੰਝ ਲੱਗਦਾ ਹੈ ਕਿ ਲੋਕ ਬਾਪ-ਪੁੱਤ ਦੋਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ ਦਰਜ ਪੁਲਿਸ ਕੇਸ ਨਾਲ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਤਾਂ ਧੱਕਾ ਲੱਗਾ ਹੀ, ਨਾਲ ਹੀ ਪਾਰਟੀ ਦੀ ਸਾਖ ਬੁਰੀ ਤਰ੍ਹਾਂ ਖੁਰਨ ਲੱਗੀ ਹੈ। ਸਾਲ ਦੇ ਅੰਤਲੇ ਦਿਨੀਂ ਰਣਜੀਕ ਸਿੰਘ ਬ੍ਰਹਮਪੁਰਾ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਇੱਕੋ ਇੱਕ ਚੰਗੀ ਖ਼ਬਰ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਾਲ ਦੇ ਅੰਤ ਵਿੱਚ ਹੋਰ ਸੁੰਘੜ ਗਿਆ। ਚਾਹੇ ਅਮਿਤ ਸ਼ਾਹ ਅਤੇ ਮੋਦੀ ਨਾਲ ਹੱਥ ਜੁੜ ਗਏ। ਕੈਪਟਨ ਅਮਰਿੰਦਰ ਸਿੰਘ ਨੇ ਅੱਡ ਹੋ ਕੇ ਪੰਜਾਬ ਲੋਕ ਕਾਂਗਰਸ ਬਣਾ ਤਾਂ ਲਈ ਪਰ ਉਹ ਸਿਸਵਾਂ ਫਾਰਮ ਹਾਊਸ ਵਿੱਚ ਹੀ ਬੈਠ ਕੇ ਧੁੱਪ ਸੇਕ ਰਹੇ ਹਨ, ਜਿਸ ਕਰਕੇ ਆਸ ਨਾਲੋਂ ਵੀ ਘੱਟ ਹੁੰਗਾਰਾ ਮਿਲਿਆ।
ਭਾਰਤੀ ਜਨਤਾ ਪਾਰਟੀ ਲਈ ਇਹ ਸਾਲ ਨਮੋਸ਼ੀ ਭਰਿਆ ਰਿਹਾ। ਭਾਰਤ ਭਰ ਦੇ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਦਾ ਵੱਡੇ ਪੱਧਰ ਉੱਤੇ ਵਿਰੋਧ ਹੁੰਦਾ ਰਿਹਾ। ਪਾਰਟੀ ਦੇ ਬੜਬੋਲੇ ਆਗੂ ਹਰਜੀਤ ਸਿੰਘ ਗਰੇਵਾਲ ਦੀ ਗੁੱਸੇ ਵਿੱਚ ਆਏ ਕਿਸਾਨਾਂ ਨੇ ਫਸਲ ਸਾੜ ਦਿੱਤੀ। ਸਾਲ ਦੇ 11ਵੇਂ ਮਹੀਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਭਾਜਪਾ ਪੰਜਾਬ ਸਮੇਤ ਦੂਜੇ ਰਾਜਾਂ ਉੱਤੇ ਕਬਜ਼ਾ ਕਰਨ ਦੀ ਤਾਕ ਵਿੱਚ ਹੈ, ਜਿਸਦੇ ਲਈ ਹਰ ਤਰ੍ਹਾਂ ਦਾ ਹੀਲਾ-ਹਰਬਾ ਵਰਤਿਆ ਜਾਣ ਲੱਗਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦੂਜੀਆਂ ਸਿਆਸੀ ਧਿਰਾਂ ਨੂੰ ਲਾਇਆ ਜਾ ਰਿਹਾ ਖੋਰਾ ਸਭ ਨੂੰ ਹੈਰਾਨ ਤਾਂ ਕਰਨ ਲੱਗਾ ਹੈ ਪਰ ਲੋਕਾਂ ਦੀਆਂ ਜ਼ੁਬਾਨਾਂ ‘ਤੇ ਇਹ ਵੀ ਗੱਲ ਆਉਣ ਲੱਗੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਦੇ ਵਿਰੁੱਧ ਬਿਆਨ ਦੇਣ ਵਾਲੇ ਗੱਦਾਰ ਹੋਣ ਦਾ ਟੈਗ ਲੱਗਣ ਤੋਂ ਡਰਦੇ ਸਨ। ਕੀ ਹੁਣ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਕੇ ਉਨ੍ਹਾਂ ਉੱਤੇ ਵਫ਼ਾਦਾਰੀ ਦਾ ਫੀਤਾ ਲੱਗ ਜਾਵੇਗਾ। ਉਂਝ ਭਾਰਤੀ ਜਨਤਾ ਪਾਰਟੀ ਨੂੰ ਢਾਅ-ਭੰਨ ਕਰਨ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਇਸ ਸਾਲ ਦੀ ਸਿੱਖ ਸਿਆਸਤ ਵੀ ਕਾਫ਼ੀ ਸਰਗਰਮ ਰਹੀ। ਬੇ ਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਥਕ ਧਿਰਾਂ ਲਾਮਬੰਦ ਰਹੀਆਂ। ਚਾਹੇ ਸਿਆਸੀ ਧਿਰਾਂ ਨੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ। ਬੇ ਅਦਬੀ ਦੇ ਮੁੱਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਸਰ ਗਰਜਦੇ ਦਿਸੇ। ਇਸੇ ਮਹੀਨੇ ਦਰਬਾਰ ਸਾਹਿਬ ,ਅੰਮ੍ਰਿਤਸਰ ਵਿਖੇ ਅਤੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰਾ ਵਿੱਚ ਬੇ ਅਦਬੀ ਦੇ ਦੋਸ਼ੀਆਂ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਜਿਹਾ ਭਾਣਾ ਸਿੰਘੂ ਬਾਰਡਰ ਉੱਤੇ ਵੀ ਵਾਪਰਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਕੀਲ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਗਏ ਜਦਕਿ ਇੱਕ ਹੋਰ ਦਾਅਵੇਦਾਰ ਬੀਬੀ ਜਗੀਰ ਕੌਰ ਨੂੰ ਭੁਲੱਥ ਤੋਂ ਟਿਕਟ ਦੇ ਕੇ ਪਲੋਸ ਲਿਆ ਗਿਆ। ਪੂਰਾ ਸਾਲ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹਾਏ-ਹਾਏ ਕਰਦੇ ਰਹੇ। ਚੋਣਾਂ ਨੇੜੇ ਹੋਣ ਕਰਕੇ ਮੁਲਾਜ਼ਮਾਂ ਦੀ ਪ੍ਰਦਰਸ਼ਨਾਂ ਦੀ ਸੁਰ ਉੱਚੀ ਹੋ ਗਈ ਹੈ। ਛੇਵੇਂ ਤਨਖਾਹ ਕਮਿਸ਼ਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਮੁਲਾਜ਼ਮ ਕੰਮ ਛੱਡੀ ਬੈਠੇ ਹਨ। ਇਸ ਸਾਲ ਵੀ ਪੁਲਿਸ ਨੇ ਮੁਲਾਜ਼ਮਾਂ ਨੂੰ ਭਜਾ-ਭਜਾ ਕੇ ਕੁੱਟਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਉੱਤੇ ਖਰੇ ਨਾ ਉੱਤਰੇ।
ਹੁਣ ਜਦੋਂ ਨਵਾਂ ਸਾਲ ਬਰੂਹਾਂ ‘ਤੇ ਹੈ ਅਤੇ ਵਿਧਾਨ ਸਭਾ ਦੀਆਂ ਚੋਣਾਂ ਸਿਰ ਉੱਤੇ ਹਨ ਤਾਂ ਗੇਂਦ ਪੰਜਾਬੀਆਂ ਦੇ ਹੱਥ ਵਿੱਚ ਹੈ। ਪੰਜ ਸਾਲਾਂ ਬਾਅਦ ਇਹ ਘੜੀ ਨੇੜੇ ਆ ਰਹੀ ਹੈ ਜਦੋਂ ਉਹ ਸਿਆਸਤਦਾਨਾਂ ਤੋਂ ਹਿਸਾਬ-ਕਿਤਾਬ ਮੰਗ ਸਕਦੇ ਹਨ। ਸਿਆਸਤਦਾਨਾਂ ਦੀ ਬਾਂਹ ਮਰੋੜਨ ਦਾ ਗੁਰ ਕਿਸਾਨਾਂ ਨੇ ਸਿਖਾ ਹੀ ਦਿੱਤਾ ਹੈ। ਰੱਬ ਨਵੇਂ ਸਾਲ ਵਿੱਚ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ। ਤੁਹਾਡੀ ਸਭ ਦੀ ਤੰਦਰੁਸਤੀ ਅਤੇ ਚੜਦੀਕਲਾ ਲਈ ਅਰਦਾਸ। ਰੱਬ ਭਲੀ ਕਰੇ। ਇਸ ਆਸ ਨਾਲ ਤੁਹਾਡਾ ‘ਦ ਖ਼ਾਲਸ ਟੀਵੀ ਪਰਿਵਾਰ