ਕਾਂਗਰਸ (Congress) ਵੱਲੋਂ ਸੰਗਰੂਰ ( Sangrur) ਤੋਂ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਨਾਰਜ਼ਗੀ ਜ਼ਾਹਿਰ ਕੀਤੀ ਹੈ। ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿੱਚ ਪਾਰਟੀ ਨੇ ਮੇਰੀ ਟਿਕਟ ਕੱਟੀ ਸੀ ਪਰ ਜਿਸ ਨੂੰ ਟਿਕਟ ਦਿੱਤੀ ਸੀ ਕਿ ਉਹ ਹੁਣ ਪਾਰਟੀ ਦਾ ਹਿੱਸਾ ਹੈ, ਇਸ ਤੋਂ ਬਾਅਦ 2014 ਦੀ ਜ਼ਿਮਨੀ ਚੋਣ ਵੇਲੇ ਮੇਰੀ ਟਿਕਟ ਕੱਟੀ ਗਈ ਅਤੇ ਇਸ ਤੋਂ ਬਾਅਦ 2019 ਵੇਲੇ ਵੀ ਟਿਕਟ ਕੱਟੀ ਗਈ।
ਗੋਲਡੀ ਨੇ ਪਾਰਟੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ 2022 ਦੀਆਂ ਚੋਣਾਂ ਵਿੱਚ ਜਦੋਂ ਮੈਂ ਮੁੱਖ ਮੰਤਰੀ ਦੇ ਖ਼ਿਲਾਫ਼ ਚੋਣ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਲੋੜ ਹੈ। ਮੇਰੇ ਨਾਲ ਪਾਰਟੀ ਦੀ ਗੱਲ ਹੋਈ ਸੀ ਕਿ ਤੁਸੀਂ ਸੰਗਰੂਰ ਜ਼ਿਮਨੀ ਚੋਣ ਲੜੋ, ਜਿਸ ਤੋਂ ਬਾਅਦ ਤੁਹਾਨੂੰ 2024 ਦੀ ਲੋਕ ਸਭਾ ਚੋਣ ਲੜਾਈ ਜਾਵੇਗੀ ਪਰ ਹੁਣ ਮੇਰੀ ਟਿਕਟ ਫਿਰ ਕੱਟ ਦਿੱਤੀ ਗਈ।
ਗੋਲਡੀ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੀ ਸੁਖਪਾਲ ਖਹਿਰਾ ਜਾਂ ਪਾਰਟੀ ਹਾਈਕਮਾਂਡ ਨਾਲ ਕੋਈ ਗੱਲ ਨਹੀਂ ਹੋਈ ਹੈ। ਗੋਲਡੀ ਨੇ ਹਾਈਕਮਾਂਡ ਨੂੰ ਬੇਨਤੀ ਕੀਤੀ ਜਦੋਂ ਪਾਰਟੀਆਂ ਅਜਿਹੇ ਫ਼ੈਸਲੇ ਲੈਂਦੀਆਂ ਹਨ ਤਾਂ ਕਿਸੇ ਇਨਸਾਨ ਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੀਦਾ। ਕਿਸੇ ਦੇ ਧੀ-ਪੁੱਤ ਦਾ ਮਜ਼ਾਕ ਨਾ ਬਣਾਓ ਤੇ ਉਸ ਨੂੰ ਧੋਖਾ ਨਾ ਦਿਓ।
ਇਸ ਮੌਕੇ ਗੋਲਡੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਵੀ ਮੇਰੀ ਟਿਕਟ ਕੱਟ ਦੇਣੀ ਸੀ ਪਰ ਜਦੋਂ ਪਤਾ ਲੱਗਿਆ ਕਿ ਸਾਹਮਣੇ ਭਗਵੰਤ ਮਾਨ ਹੈ ਤਾਂ ਸਾਰੇ ਲੀਡਰ ਪਿੱਛੇ ਹਟ ਗਏ। ਗੋਲਡੀ ਨੇ ਕਿਹਾ ਕਿ ਵਿਧਾਇਕ ਹੁੰਦੇ ਹੋਏ ਵੀ ਪਾਰਟੀ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਵੀ ਮੇਰੇ ਉੱਤੇ ਵਿਜੀਲੈਂਸ ਦਾ ਬਹੁਤ ਪ੍ਰੈਸ਼ਰ ਹੈ ਪਰ ਮੈਨੂੰ ਪਤਾ ਹੈ ਕਿ ਇਸ ਪਿੱਛੇ ਸਾਡੀ ਪਾਰਟੀ ਦੇ ਇੱਕ ਵੱਡੇ ਲੀਡਰ ਦਾ ਬਹੁਤ ਵੱਡਾ ਹੱਥ ਹੈ।