Punjab

ਅੱਜ ਤੋਂ ਗੱਡੀ ਦੀ ਆਰਸੀ ਦਾ ਕੰਮ ਸਿਰਫ਼ ਆਨਲਾਈਨ ਹੋਵੇਗਾ, ਜਾਣੋ ਪੂਰੀ ਜਾਣਕਾਰੀ

Going to offices for registration of vehicles has stopped from today, now it will be like this...

ਚੰਡੀਗੜ੍ਹ : ਹੁਣ ਚੰਡੀਗੜ੍ਹ ਵਿੱਚ ਗੱਡੀਆਂ ਦੇ ਰਜਿਸਟ੍ਰੇਸ਼ਨ ਲਈ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣੇ। ਹੁਣ ਇਹ ਸਾਰਾ ਕੰਮ ਆਨਲਾਈਨ ਹੀ ਕਰ ਦਿੱਤਾ ਗਿਆ ਹੈ। ਰਜਿਸਟਰਿੰਗ ’ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਚੰਡੀਗੜ੍ਹ ਦੇ ਦਫ਼ਤਰ ਨੇ ਭਾਰਤ ਸਰਕਾਰ ਦੇ ਸੜਕ ਆਵਾਜਾਈ ‘ਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਮੁਤਾਬਕ ਆਮ ਲੋਕਾਂ ਦੀ ਸਹੂਲਤ ਲਈ ਵਾਹਨ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਸੰਪਰਕ ਰਹਿਤ ਕਰ ਦਿੱਤਾ ਹੈ।

ਆਰਐਲਆਏ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਹੁਣ ਪਹਿਲੀ ਜੂਨ ਤੋਂ ਵਾਹਨ ਰਜਿਸਟ੍ਰੇਸ਼ਨ ਸਬੰਧੀ ਲਾਗੂ ਕੀਤੀਆਂ ਗਈਆਂ ਸੇਵਾਵਾਂ ਲਈ ਲੋੜੀਂਦੀਆਂ ਫਾਈਲਾਂ ਮਹਿਕਮੇ ਦੇ ਦਫ਼ਤਰ ਵਿੱਚ ਦਸਤੀ ਜਾ ਔਫਲਾਈਨ ਨਹੀਂ ਲਈਆਂ ਜਾਣਗੀਆਂ। ਹਾਲਾਂਕਿ ਜੇਕਰ ਕਿਸੇ ਬਿਨੈਕਾਰ ਨੂੰ ਉਪਰੋਕਤ ਸੇਵਾਵਾਂ ਨੂੰ ਆਨਲਾਈਨ ਪ੍ਰਾਪਤ ਕਰਨ ਦੌਰਾਨ ਕਿਸੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪਹਿਲਾਂ ਤੋਂ ਬਕਾਇਦਾ ਅਪਾਇੰਟਮੈਂਟ ਲੈ ਕੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਵਿੱਚ ਉਸ ਸੇਵਾ ਲਈ ਆਫਲਾਈਨ ਅਰਜ਼ੀ ਦੇ ਸਕਦਾ ਹੈ।

ਇਹ ਸੇਵਾਵਾਂ ਸਵੇਰੇ ਸਾਢੇ ਨੌਂ ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਉਪਲਬਧ ਹੋਣਗੀਆਂ ਅਤੇ ਇਨ੍ਹਾਂ ਸੇਵਾਵਾਂ ਲਈ ਅਪਾਇੰਟਮੈਂਟ ਸਲਾਟ ਆਰਐਲਏ ਦੀ ਅਧਿਕਾਰਤ ਵੈੱਬਸਾਈਟ www.chdtransport.gov.in ’ਤੇ ਉਪਲਬਧ ਹੋਣਗੇ। ਚੰਡੀਗੜ੍ਹ ਦੇ ਆਰਐਲਏ ਪਰਦੂਮਨ ਸਿੰਘ ਨੇ ਆਮ ਲੋਕਾਂ ਨੂੰ ਆਨਲਾਈਨ ਤੇ ਸੰਪਰਕ ਰਹਿਤ ਸੇਵਾਵਾਂ ਦੀ ਸਹੂਲਤ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਕਿਸੇ ਵੀ ਦਸਤਾਵੇਜ਼ ਜਾਂ ਫ਼ੀਸ ਆਦਿ ਜਮ੍ਹਾਂ ਕਰਾਉਣ ਲਈ ਆਰਐਲਏ ਦੇ ਦਫ਼ਤਰ ਵਿੱਚ ਜਾਣ ਤੋਂ ਬਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਸੰਪਰਕ ਰਹਿਤ ਸੇਵਾਵਾਂ ਬਾਰੇ ਕਿਸੇ ਕਿਸਮ ਦੀ ਪੁੱਛਗਿੱਛ ਦੇ ਮਾਮਲੇ ਵਿੱਚ ਬਿਨੈਕਾਰ ਆਰਐਲਏ ਟੈਲੀਫੋਨ ਨੰਬਰ 0172-2705270 ਜਾਂ 0172-2706270 ‘ਤੇ ਸੰਪਰਕ ਕਰ ਸਕਦੇ ਹਨ।

ਆਰਐਲਏ ਪਰਦੂਮਨ ਸਿੰਘ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਨਾਲ ਸਬੰਧਤ ਸੇਵਾਵਾਂ ਨੂੰ ਵੀ ਭਾਰਤ ਸਰਕਾਰ ਦੇ ਪਰਿਵਹਨ ਪੋਰਟਲ ਰਾਹੀਂ ਆਨਲਾਈਨ ਕੀਤਾ ਗਿਆ ਹੈ। ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਸੇਵਾ ਵਾਂਗ ਹੀ ਡਰਾਈਵਿੰਗ ਲਾਇਸੈਂਸ ਦੀਆਂ ਸਾਰੀਆਂ ਸੇਵਾਵਾਂ ਲਈ ਦਸਤਾਵੇਜ਼ ਅਤੇ ਫੀਸ ਆਦਿ ਅਪਲੋਡ ਕਰਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਪਰ ਫੋਟੋ ਅਤੇ ਬਾਇਓਮੈਟ੍ਰਿਕ ਕੈਪਚਰ ਕਰਨ ਲਈ ਬਿਨੈਕਾਰ ਦੀ ਸਰੀਰਕ ਤੌਰ ’ਤੇ ਮੌਜੂਦਗੀ ਜ਼ਰੂਰੀ ਹੈ।

ਹਾਲਾਂਕਿ, ਬਿਨੈਕਾਰ ਪਰਿਵਹਨ ਪੋਰਟਲ ‘ਤੇ ਇਨ੍ਹਾਂ ਸੇਵਾਵਾਂ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਬਿਨਾਂ ਕਿਸੇ ਪੂਰਵ ਆਨਲਾਈਨ ਮੁਲਾਕਾਤ ਦੇ ਸਿੱਧੇ ਆਰਐਲਏ ਦੇ ਦਫ਼ਤਰ ਜਾ ਸਕਦੇ ਹਨ। ਆਰਐਲਏ ਦਾ ਦਫਤਰ ਬਾਇਓਮੀਟ੍ਰਿਕ ਅਤੇ ਫੋਟੋ ਦੀਆਂ ਜ਼ਰੂਰਤਾਂ ਨੂੰ ਵੀ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਨੂੰ ਵੀ ਸਮੇਂ ਸਿਰ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਵੀ ਆਰਐਲਏ ਦੇ ਦਫਤਰ ਵਿੱਚ ਜਾਏ ਬਿਨਾਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ।