‘ਦ ਖ਼ਾਲਸ ਬਿਊਰੋ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਇਸ ਵੇਲੇ ਵੱਡੀ ਤੇ ਦੁੱਖਦਾਈ ਖਬਰ ਆ ਰਹੀ ਹੈ, ਜਿੱਥੇ ਗਲੇਸ਼ੀਅਰ ਟੁੱਟਣ ਨਾਲ ਕਈ ਇਲਾਕੇ ਤਬਾਹ ਹੋ ਗਏ ਹਨ।

ਉੱਤਰਾਖੰਡ ਦੇ ਜੋਸ਼ੀਮੱਠ ਦੇ ਨੇੜੇ ਗਲੇਸ਼ੀਅਰ ਟੁੱਟਿਆ ਹੈ। ਗਲੇਸ਼ੀਅਰ ਟੁੱਟਣ ਦੇ ਨਾਲ ਚਮੋਲੀ ‘ਚ ਤਬਾਹੀ ਮਚ ਗਈ ਅਤੇ ਇਸ ਤਬਾਹੀ ਵਿੱਚ ਕਈ ਲੋਕਾਂ ਦੇ ਰੁੜ੍ਹ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਤੋਂ ਬਾਅਦ ਰਿਸ਼ੀਕੇਸ਼ ਅਤੇ ਹਰਿਦੁਆਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੇਠਲੇ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।

‘ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ’ ਦੀ ਟੀਮ ਵੀ ਜੋਸ਼ੀਮੱਠ ਨੂੰ ਰਵਾਨਾ ਕਰ ਦਿੱਤੀ ਗਈ ਹੈ।

ਗਲੇਸ਼ੀਅਰ ਟੁੱਟਣ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦੇ ਲੋਕਾਂ ਨੂੰ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।


ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਚਮੋਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਨਾਲ ਜੁੜੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ।

ਇਸ ਘਟਨਾ ਮਗਰੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਲਕਨੰਦਾ ਨਦੀ ਦੇ ਕਿਨਾਰੇ ‘ਤੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ।

ਖਬਰਾਂ ਮੁਤਾਬਿਕ ਰਿਸ਼ੀਕੇਸ਼ ਗੰਗਾ ਪ੍ਰੋਜੈਕਟ ਨੂੰ ਵੱਡਾ ਨੁਕਸਾਨ ਪੁੱਜਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।