India

ਜੀਕੇ ਨੇ ਸਬੂਤਾਂ ਨਾਲ ਉਘੇੜੇ ਸਿਰਸਾ ਦੇ ਪਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਅਮਿਤਾਭ ਬੱਚਨ ਤੋਂ ਲਏ ਪੈਸਿਆਂ ਨੂੰ ਲੈ ਕੇ ਛਿੜੇ ਵਿਵਾਦ ਸਬੰਧੀ ਸਿਰਸਾ ਨੂੰ ਜਵਾਬ ਦੇਣ ਲਈ ਇੱਕ ਡਿਜੀਟਲ ਪ੍ਰੈੱਸ ਕਾਨਫਰੰਸ ਕੀਤੀ। ਜੀਕੇ ਨੇ ਕਿਹਾ ਕਿ ‘ਸਿਰਸਾ ਨੇ ਕਾਤਲਾਂ ਤੋਂ ਪੈਸੇ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਪਵਿੱਤਰ ਇਤਿਹਾਸ ਨੂੰ ਢਾਹ ਲਾਈ ਹੈ’।

ਮਨਜਿੰਦਰ ਸਿੰਘ ਸਿਰਸਾ

ਜੀਕੇ ਨੇ ਸਬੂਤ ਵਿਖਾਉਂਦਿਆਂ ਕਿਹਾ ਕਿ ‘ਸਿਰਸਾ ਨੇ 2 ਕਰੋੜ ਰੁਪਏ ਲੈ ਕੇ ਬਾਅਦ ਵਿੱਚ ਚੁੱਪ ਵੱਟ ਲਈ। ਸਿਰਸਾ ਨੇ ਬਾਅਦ ਵਿੱਚ ਬਸ ਇੰਨਾ ਹੀ ਕਿਹਾ ਕਿ ਉਨ੍ਹਾਂ ਦੀ ਅਮਿਤਾਭ ਬੱਚਨ ਨਾਲ ਸਿਰਫ ਇੱਕ ਵਾਰ ਹੀ ਗੱਲ ਹੋਈ ਹੈ। ਸਿਰਸਾ ਨੇ ਪੈਸੇ ਲੈਣ ਵਾਲੀ ਗੱਲ ਨੂੰ ਸਾਰਿਆਂ ਤੋਂ ਲੁਕਾਇਆ। ਸਿਰਸਾ ਨੇ ਗੁਰੂ ਘਰ ਨਾਲ ਧੋਖਾ ਕੀਤਾ ਹੈ’।

ਜੀਕੇ ਨੇ ਕਿਹਾ ਕਿ ‘ਸਿਰਸਾ ਨੇ ਟਵੀਟ ਕਰਕੇ ਕਿਹਾ ਸੀ ਕਿ ‘ਅਮਿਤਾਭ ਬੱਚਨ ਹਰ ਰੋਜ਼ ਮੇਰੇ ਤੋਂ ਕਰੋਨਾ ਸਹੂਲਤਾਂ ਦਾ ਜਾਇਜ਼ਾ ਲੈਂਦੇ ਹਨ’। ਪਰ ਸਿਰਸਾ ਤਾਂ ਕਹਿੰਦੇ ਹਨ ਕਿ ਉਨ੍ਹਾਂ ਦੀ ਅਮਿਤਾਭ ਬੱਚਨ ਨਾਲ ਕੋਈ ਗੱਲ ਹੀ ਨਹੀਂ ਹੁੰਦੀ, ਸਿਰਫ ਇੱਕ ਵਾਰ ਹੀ ਗੱਲ ਹੋਈ ਹੈ’।

ਜੀਕੇ ਨੇ ਅਮਿਤਾਭ ਬੱਚਨ ਦੇ ਪੀਟੀਆਈ ਬਲਾਕ ਤੋਂ ਇੱਕ ਪੋਸਟ ਨੂੰ ਵਿਖਾਉਂਦਿਆਂ ਕਿਹਾ ਕਿ ‘ਅਮਿਤਾਭ ਬੱਚਨ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦਾ ਸਾਰਾ ਡਾਇਗਨੋਸਟਿਕ ਸੈਂਟਰ ਡੋਨੇਟ ਕੀਤਾ ਹੈ’। ਜੀਕੇ ਨੇ ਪੰਜਾਬੀ ਜਾਗਰਣ ਵਿੱਚ ਵੀ ਸਿਰਸਾ ਦੇ ਬਿਆਨ ਨੂੰ ਦਿਖਾਇਆ, ਜਿਸ ਵਿੱਚ ਸਿਰਸਾ ਨੇ ਜੁਨੇਜ਼ਾ ਅਤੇ ਚਾਵਲਾ ਪਰਿਵਾਰ ਦਾ ਧੰਨਵਾਦ ਕੀਤਾ ਹੋਇਆ ਹੈ।

ਜੀਕੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇੱਕ ਬਿਆਨ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ‘ਸਿਰਸਾ ਨੇ ਕਿਹਾ ਸੀ ਕਿ ਅਮਿਤਾਭ ਬੱਚਨ ਨੇ ਸਾਨੂੰ MRI ਮਸ਼ੀਨਾਂ ਅਤੇ ਸੀਟੀ ਸਕੈਨਰ ਦਿੱਤੇ ਹਨ’।

ਜੀਕੇ ਨੇ ਇਸਦੇ ਨਾਲ ਹੀ ਸਿਰਸਾ ਦੀ ਇੱਕ ਪਰਿਵਾਰ ਨਾਲ ਤਸਵੀਰ ਨੂੰ ਵੀ ਸਾਂਝਾ ਕੀਤਾ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਇਹੀ ਸੀਟੀ ਸਕੈਨਰ ਦੀ ਸੇਵਾ ਉਸ ਪਰਿਵਾਰ ਵੱਲੋਂ ਕੀਤੀ ਗਈ ਸੀ’। ਜੀਕੇ ਨੇ ਸਿਰਸਾ ਨੂੰ ਸਵਾਲ ਪੁੱਛਦਿਆਂ ਕਿਹਾ ਕਿ ‘ਇੱਕ ਪ੍ਰਾਜੈਕਟ ‘ਤੇ ਦੋ ਜਗ੍ਹਾ ਤੋਂ ਪੇਮੈਂਟ ਕਿਵੇਂ ਆ ਰਹੀ ਹੈ। ਅਮਿਤਾਭ ਬੱਚਨ ਕਹਿ ਰਿਹਾ ਹੈ ਕਿ ਇਹ ਸਾਰਾ ਪ੍ਰਾਜੈਕਟ ਉਨ੍ਹਾਂ ਨੇ ਡੋਨੇਟ ਕੀਤਾ ਹੈ। ਸਿਰਸਾ ਨੇ ਸੱਜਣ ਕੁਮਾਰ, ਸਿਰਸਾ ਡੇਰਾ ਮੁਖੀ ਰਾਮ ਰਹੀਮ ਵਾਸਤੇ ਮੁਆਫੀ ਦੇਣ ਲਈ ਰਾਹ ਖੋਲ੍ਹ ਦਿੱਤਾ ਹੈ ਕਿ ਉਹ ਪੈਸੇ ਦੇਣ ਅਤੇ ਮੁਆਫੀ ਲੈਣ’।

ਜੀਕੇ ਨੇ ਸਿਰਸਾ ਵੱਲੋਂ ਆਪਣੇ ‘ਤੇ ਲਾਸ਼ਾਂ ‘ਤੇ ਰਾਜਨੀਤੀ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਮੈਨੂੰ ਸਿਰਸਾ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਸਿਰਸਾ ਨੇ ਸੱਜਣ ਕੁਮਾਰ ਨਾਲ ਸਟੇਜ ਸਾਂਝੀ ਕੀਤੀ ਹੈ’।

ਜੀਕੇ ਨੇ ਹਰਮੀਤ ਸਿੰਘ ਕਾਲਕਾ ਬਾਰੇ ਗੱਲ ਕਰਦਿਆਂ ਕਿਹਾ ਕਿ ‘ਹਰਮੀਤ ਕਾਲਕਾ ਸਬੂਤ ਬਹੁਤ ਮੰਗਦੇ ਹਨ’। ਜੀਕੇ ਨੇ ਸਿਰਸਾ ਦੇ ਇੱਕ ਟਵੀਟ ਨੂੰ ਦਿਖਾਉਂਦਿਆਂ ਕਿਹਾ ਕਿ ‘ਇਸ ਟਵੀਟ ਵਿੱਚ ਸਿਰਸਾ ਅਮਿਤਾਭ ਬੱਚਨ ਨੂੰ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਨੇ ਸਿੱਖ ਮਾਰੇ ਸਨ। ਕੀ ਉਨ੍ਹਾਂ ਨੇ ਖੂਨ ਕਾ ਬਦਲਾ ਖੂਨ ਤੋਂ ਲਵਾਂਗੇ, ਬੋਲਿਆ ਸੀ’।