ਫ਼ਿਰੋਜ਼ਪੁਰ : ਖੇਤ ਵਿੱਚ ਝੋਨੇ ਦੀ ਲਵਾਈ ਕਰਦੀ ਇੱਕ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਹ ਹਾਦਸਾ ਜ਼ਿਲ੍ਹੇ ਦੇ ਪਿੰਡ ਨਵੀਂ ਕਿਲਾ ਦੇ ਖੇਤਾਂ ਵਿੱਚ ਵਾਪਰਿਆ ਹੈ। ਮ੍ਰਿਤਕ ਲੜਕੀ ਦਾ ਨਾਮ ਪ੍ਰਵੀਨ ਕੌਰ ਹੈ ਅਤੇ ਉਹ ਪਿੰਡ ਕਰਮਾ ਦੀ ਸਰਕਾਰੀ ਸਕੂਲ ਦੀ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ। ਗਰਮੀਆਂ ਦੀਆਂ ਛੁੱਟੀਆਂ ਕਾਰਨ ਉਹ ਆਪਣੇ ਪਰਿਵਾਰ ਨਾਲ ਝੋਨਾ ਲਵਾਈ ਲਈ ਮਜ਼ਦੂਰੀ ਕਰ ਰਹੀ ਸੀ।
ਪਿੰਡ ਦੇ ਸਰਪੰਚ ਨੇ ਰਣਧੀਰ ਸਿੰਘ ਨੇ ਘਟਨਾ ਬਾਰੇ ਦੱਸਿਆ ਕਿ ਇਲਾਕੇ ਵਿੱਚ ਝੋਨਾ ਲਵਾਈ ਦਾ ਕੰਮ ਵੱਡੀ ਪੱਧਰ ਉੱਤੇ ਚੱਲ ਰਿਹਾ ਹੈ। ਇਸ ਦੌਰਾਨ ਪਿੰਡ ਨਵਾਂ ਕਿਲਾ ਵਿੱਚ ਝੋਨਾ ਲਵਾਈ ਸਮੇਂ ਕਰੰਟ ਲੱਗਣ ਨਾਲ ਵਿਦਿਆਰਥਣ ਪ੍ਰਵੀਨ ਕੌਰ ਦੀ ਮੌਤ ਹੋ ਗਈ।
ਇੰਝ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪ੍ਰਵੀਨ ਕੌਰ ਆਪਣੇ ਮਾਤਾ-ਪਿਤਾ ਨਾਲ ਖੇਤ ਵਿੱਚ ਝੋਨਾ ਲਾਉਣ ਲਈ ਮਜ਼ਦੂਰ ਵਜੋਂ ਕੰਮ ਕਰ ਰਹੀ ਸੀ। ਬੀਤੇ ਦਿਨ ਸਵੇਰੇ ਨੌਂ ਵਜੇ ਝੋਨਾ ਲਾਉਂਦੇ ਸਮੇਂ ਪਿਆਸ ਲੱਗਣ ਕਾਰਨ ਉਹ ਪਾਣੀ ਪੀਣ ਲਈ ਟਿਊਬਵੈੱਲ ‘ਤੇ ਗਈ। ਉੱਥੇ ਅਚਾਨਕ ਉਹ ਬਿਜਲੀ ਦੇ ਖੰਭੇ ਨਾਲ ਲੱਗੀ ਤਾਰ ਨੂੰ ਛੂਹ ਲਿਆ ਅਤੇ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਸ ਗਈ। ਉਸ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਰਕਾਰ ਤੋਂ ਆਰਥਿਕ ਮਦਦ ਦੀ ਲਾਈ ਗੁਹਾਰ
ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੈ। ਦੋ ਭੈਣਾਂ ਅਤੇ ਇੱਕ ਭਰਾ ਹਨ ਜੋ ਅਜੇ ਛੋਟੇ ਹਨ ਅਤੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਦਾ ਮਤਲਬ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਹੈ। ਬਿਜਲੀ ਵਿਭਾਗ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇ।
ਕਰੰਟ ਲੱਗਣ ਨਾਲ 11 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ
ਇੱਕ ਹੋਰ ਘਟਨਾ ਵਿੱਚ ਕਰੰਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਮਾਮਲਾ ਫ਼ਾਜ਼ਿਲਕਾ ਦੇ ਧੋਬੀਘਾਟ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਬਿਜਲੀ ਦਾ ਕਰੰਟ ਲੱਗਣ ਨਾਲ 11 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਲਵਿਸ਼ ਨੇ ਦੱਸਿਆ ਕਿ ਮੰਗਲਵਾਰ ਨੂੰ ਉਸ ਦਾ 11 ਮਹੀਨੇ ਦਾ ਬੇਟਾ ਫ਼ਤਿਹ ਵਾਕਰ ‘ਚ ਖੇਡ ਰਿਹਾ ਸੀ। ਫਿਰ ਅਚਾਨਕ ਉਸ ਦਾ ਹੱਥ ਬਿਜਲੀ ਦੇ ਐਕਸਟੈਨਸ਼ਨ ਨੂੰ ਛੂਹ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਸੇ ਸਮੇਂ ਰਿਸ਼ਤੇਦਾਰ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।