ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਪੰਜਾਬੀ ਫਿਲਮ ਅਕਾਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗਿੱਪੀ ਗਰੇਵਾਲ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਦਸ ਮਿੰਟ ਦਾ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਹੈ ਕਿ ਫਿਲਮ ਵਿੱਚ ਕੁਝ ਵੀ ਗਲਤ ਨਹੀਂ ਦਿਖਾਇਆ ਗਿਆ ਹੈ। ਫਿਲਮ ਦਾ ਮਕਸਦ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਫਿਲਮ ਵਿੱਚ ਸਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ। ਗਿੱਪੀ ਨੇ ਸਾਰਿਆਂ ਨੂੰ ਪਹਿਲਾਂ ਫਿਲਮ ਦੇਖਣ ਦੀ ਬੇਨਤੀ ਕੀਤੀ ਹੈ, ਤਾਂ ਜੋ ਜੇਕਰ ਕੋਈ ਕਮੀਆਂ ਹਨ, ਤਾਂ ਉਨ੍ਹਾਂ ਨੂੰ ਸੁਧਾਰਿਆ ਜਾ ਸਕੇ। ਗਿੱਪੀ ਅਨੁਸਾਰ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਫਿਲਮ ਬਣਾਉਣ ਤੋਂ ਪਹਿਲਾਂ, ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ।
ਉਨ੍ਹਾਂ ਕਿਹਾ ਕਿ ਫਿਲਮ ਦੀ ਰਿਲੀਜ਼ ਤੋਂ ਬਾਅਦ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਫਿਲਮ ਗਲਤ ਹੈ ਜਾਂ ਗੁੰਮਰਾਹਕੁੰਨ ਹੈ।
ਗਿੱਪੀ ਨੇ ਨਿੱਜੀ ਤੌਰ ‘ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਭਾਵੇਂ ਕੋਈ ਨਾਰਾਜ਼ਗੀ ਹੈ, ਉਹ ਪਹਿਲਾਂ ਫਿਲਮ ਜ਼ਰੂਰ ਦੇਖਣ। ਬਹੁਤ ਸਾਰੇ ਲੋਕਾਂ ਨੇ ਫਿਲਮ ਨੂੰ ਦੇਖੇ ਬਿਨਾਂ ਹੀ ਆਲੋਚਨਾ ਕੀਤੀ ਹੈ ਸਿਰਫ਼ ਕੱਪੜਿਆਂ ਜਾਂ ਪਹਿਰਾਵੇ ਦੇ ਆਧਾਰ ‘ਤੇ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ 9 ਅਪ੍ਰੈਲ ਨੂੰ ਇਹ ਕਿਵੇਂ ਫੈਸਲਾ ਲਿਆ ਕਿ ਫਿਲਮ ਠੀਕ ਨਹੀਂ ਹੈ ਜਦਕਿ ਫਿਲਮ ਤਾਂ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ।
ਗਿੱਪੀ ਗਰੇਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਇੰਸਟਾਗ੍ਰਾਮ ‘ਤੇ ਫਿਲਮ ਦੇ ਖਿਲਾਫ ਪੇਡ ਪੋਸਟਾਂ ਚਲਾ ਰਹੇ ਹਨ। ਕੁਝ ਲੋਕਾਂ ਨੂੰ ਮੇਰੇ ਨਾਲ ਨਿੱਜੀ ਤੌਰ ‘ਤੇ ਸਮੱਸਿਆਵਾਂ ਹਨ, ਪਰ ਇਸ ਕਾਰਨ ਇੱਕ ਚੰਗੀ ਫਿਲਮ ਨੂੰ ਨੁਕਸਾਨ ਹੋ ਰਿਹਾ ਹੈ।