ਚੰਡੀਗੜ੍ਹ : ਪਿਛਲੇ ਕੁੱਝ ਦਿਨਾਂ ਤੋਂ ਵਾਇਰਲ ਹੋਈ ਸੇਬਾਂ ਵਾਲੀ ਵੀਡੀਓ ਨੇ ਪੰਜਾਬ ਵਿੱਚ ਹੋਈ ਇਸ ਘਟਨਾ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਸੀ। ਹੁਣ ਪੰਜਾਬੀ ਕਲਾਕਾਰ ਤੇ ਪ੍ਰਸਿਧ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਇਸੇ ਵਿਸ਼ੇ ‘ਤੇ ਆਪਣੇ ਵਿਚਾਰ ਸਾਰਿਆਂ ਨਾਲ ਇੱਕ ਵੀਡੀਓ ਰਾਹੀਂ ਸਾਂਝੇ ਕੀਤੇ ਹਨ ਤੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਲੇ ਪੰਜਾਬੀਆਂ ਦੀ ਵੀ ਵੀਡੀਓ ਨੂੰ ਸਾਂਝਿਆਂ ਕੀਤਾ ਜਾਣਾ ਚਾਹੀਦਾ ਹੈ ।
ਘੁੱਗੀ ਨੇ ਉਹਨਾਂ ਦੋਵਾਂ ਦੀ ਵੀ ਦਿਲ ਖੋਲ ਕੇ ਪ੍ਰਸ਼ੰਸਾ ਕੀਤੀ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਦੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਇਹ ਸੰਦੇਸ਼ ਜਾਵੇ ਕਿ ਪੰਜਾਬ ਇਹੋ ਜਿਹਾ ਨਹੀਂ ਹੈ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਘੁੱਗੀ ਨੇ ਕਿਹਾ ਹੈ ਕਿ ਪੰਜਾਬ ਲਈ ਇਹ ਬਹੁਤ ਮਾੜੀ ਗੱਲ ਹੈ। ਇਹ ਪੰਜਾਬ ਦਾ ਕਿਰਦਾਰ ਨਹੀਂ ਹੈ ਕਿ ਕਿਸੇ ਦੀ ਗੱਡੀ ਪਲਟ ਗਈ ਤੇ ਸੱਟਾਂ ਲੱਗ ਗਈਆਂ ਪਰ ਉਸ ਨੂੰ ਦੇਖਣ ਦੀ ਬਜਾਇ ਉਸ ਦੀ ਗੱਡੀ ਵਿੱਚ ਲੱਦੇ ਹੋਏ ਸੇਬ ਲੁੱਟ ਲਏ ਗਏ।ਘੁੱਗੀ ਨੇ ਇਹ ਵੀ ਕਿਹਾ ਹੈ ਕਿ ਸੇਬਾਂ ਨੂੰ ਲੁੱਟਣ ਵਾਲਿਆਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪੰਚਾਇਤ ‘ਚ ਬੁਲਾ ਕੇ ਤਾੜਨਾ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਰਾਜਪੁਰਾ-ਸਰਹੰਦ ਜੀਟੀ ਰੋਡ ‘ਤੇ ਕਸ਼ਮੀਰ ਤੋਂ ਆ ਰਿਹਾ ਇੱਕ ਸੇਬਾਂ ਦਾ ਟਰੱਕ ਪਲਟ ਗਿਆ ਸੀ,ਜਿਸ ਕਾਰਨ ਡਰਾਈਵਰ ਤੇ ਨਾਲ ਦੇ ਇਕ ਹੋਰ ਵਿਅਕਤੀ ਦੇ ਕਾਫ਼ੀ ਸੱਟਾਂ ਲੱਗੀਆਂ ਸਨ।ਜਦੋਂ ਉਹ ਦਵਾਈ ਲੈਣ ਗਏ ਤਾਂ ਪਿਛੋਂ ਲਾਗਲੇ ਪਿੰਡਾਂ ਦੇ ਲੋਕਾਂ ਨੇ ਪਲਟੇ ਹੋਏ ਟਰੱਕ ਚੋਂ ਪੇਟੀਆਂ ਘਰਾਂ ਨੂੰ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਥੋੜੇ ਸਮੇਂ ਵਿੱਚ ਹੀ ਟਰੱਕ ਖਾਲੀ ਹੋ ਗਿਆ ਸੀ।ਇੱਕ ਅੰਦਾਜ਼ੇ ਦੇ ਮੁਤਾਬਕ ਗੱਡੀ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਪੁਲਿਸ ਨੇ ਇਸ ਸਬੰਧ ਵਿੱਚ ਸ਼ਿਕਾਇਤ ਵੀ ਦਰਜ ਕੀਤੀ ਸੀ ਤੇ ਇਹ ਵੀ ਖ਼ਬਰਾਂ ਆਈਆਂ ਸਨ ਕਿ ਕੁੱਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਇਸ ਸਾਰੀ ਘਟਨਾ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ,ਜਿਸ ਤੋਂ ਬਾਅਦ ਦੋ ਪੰਜਾਬੀਆਂ ਨੇ ਗੱਡੀ ਦੇ ਮਾਲਕ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਸੀ। ਉਹਨਾਂ ਮੁਤਾਬਕ ਪੰਜਾਬ ਨੂੰ ਬਦਨਾਮੀ ਤੋਂ ਬਚਾਉਣ ਲਈ ਉਹਨਾਂ ਇਹ ਕੀਤਾ ਸੀ।