India Punjab

ਬੰਦੀ ਸਿੰਘਾਂ ਦੀ ਰਿਹਾਈ ਲਈ “ਘਰ-ਘਰ ਜਪੁਜੀ ਸਾਹਿਬ ਮੁਹਿੰਮ”

‘ਦ ਖ਼ਾਲਸ ਬਿਊਰੋ : ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸੰਗਤਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਜਾਗੋ ਪਾਰਟੀ ਵੱਲੋਂ “ਘਰ-ਘਰ ਜਪੁਜੀ ਸਾਹਿਬ ਮੁਹਿੰਮ” ਆਰੰਭ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੇਲ੍ਹ ਪ੍ਰਵਾਸ ਦੌਰਾਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੁਗਲ ਹਮਲਾਵਰ ਬਾਬਰ ਨੇ ਗੁਰਦਵਾਰਾ ਸ਼੍ਰੀ ਚੱਕੀ ਸਾਹਿਬ, ਏਮਨਾਬਾਦ ਵਾਲੇ ਸਥਾਨ ਦੀ ਜੇਲ੍ਹ ਤੋਂ ਗੁਰੂ ਸਾਹਿਬ ਜੀ ਦੇ ਨਾਲ ਕਈ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਸੀ। ਇਸ ਮੁਹਿੰਮ ਨੂੰ ਸ਼ੁਰੂ ਕਰਨ ਬਾਰੇ ਪਾਰਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਜਾਗੋ ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਸਰਕਾਰਾਂ ਦੇ ਚਾਪਲੂਸ ਆਗੂਆਂ ਵੱਲੋਂ ਪੰਥਕ ਮੁੱਦਿਆ ਤੋਂ ਭਗੌੜੇ ਹੋਣ ਕਰਕੇ ਜਾਗੋ ਪਾਰਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਤਪਰ ਹੋਈ ਹੈ।

ਜੀਕੇ ਨੇ ਕਿਹਾ ਕਿ ਜੇਕਰ ਬਿਲਕਿਸ ਬਾਨੋ ਦੇ ਪਰਿਵਾਰ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ? ਡੇਰਾ ਸਿਰਸਾ ਮੁਖੀ 4 ਵਾਰ ਜੇਲ੍ਹ ਤੋਂ ਪੈਰੋਲ ਅਤੇ ਫਰਲੋ ਦੇ ਨਾਮ ਉਤੇ ਬਾਹਰ ਆਇਆ, ਪਰ ਇਨ੍ਹਾਂ ਨੇ ਇੱਕ ਵਾਰੀ ਉਸ ਦੇ ਖਿਲਾਫ ਜ਼ੁਬਾਨ ਨਹੀਂ ਖੋਲ੍ਹੀ। ਸਾਹਿਬਜ਼ਾਦਿਆਂ ਨੂੰ ਇਨ੍ਹਾਂ ਨੇ ਬਾਲ ਸਾਬਿਤ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ, ਪਰ ਕੌਮ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਦੀ ਸੋਚ ਚੰਗੀ ਸੀ, ਪਰ ਉਹ ਕੌਮੀ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੋਂ ਉਲਟ ਸੀ। ਇਸ ਲਈ “ਵੀਰ ਬਾਲ ਦਿਵਸ” ਦਾ ਨਾਮ ਬਦਲਣ ਲਈ ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ।ਜੀਕੇ ਨੇ 28 ਦਸੰਬਰ ਨੂੰ ਆਪਣੇ ਖਿਲਾਫ ਫਰਜ਼ੀ ਤੱਥਾਂ ਦੇ ਆਧਾਰ ਉਤੇ ਹੋਈ ਐਫ਼.ਆਈ.ਆਰ. ਦਾ ਜ਼ਿਕਰ ਕਰਦਿਆਂ ਇਸ ਨੂੰ ਬਦਲਾਖੋਰੀ ਦੀ ਸਿਆਸਤ ਵਜੋਂ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ 26 ਦਸੰਬਰ ਨੂੰ ਇਹ ਸਰਕਾਰ ਨਾਲ ਮਿਲ ਕੇ “ਵੀਰ ਬਾਲ ਦਿਵਸ” ਮਨਾਉਂਦੇ ਹਨ ਤੇ ਨਾਲ ਹੀ ਮੇਰੀ ਜ਼ੁਬਾਨ ਬੰਦ ਕਰਨ ਲਈ 28 ਦਸੰਬਰ ਨੂੰ ਮੇਰੇ ਖਿਲਾਫ ਦਿੱਲੀ ਪੁਲਿਸ ਦੀ “ਆਰਥਿਕ ਅਪਰਾਧ ਸ਼ਾਖਾ” ਤੋਂ ਮੇਰੇ ਖਿਲਾਫ ਪਰਚਾ ਕਰਵਾ ਦਿੰਦੇ ਹਨ। ਪਰ ਮੈਂ ਇਨ੍ਹਾਂ ਦੀਆਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ।