‘ਦ ਖ਼ਾਲਸ ਬਿਊਰੋ : ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਜਿਹੜੇ ਲੋਕ ਮੁਸਲਮਾਨਾਂ ਦੀ ਨਸਲ ਕੁਸ਼ੀ ਦੀ ਮੰਗ ਕਰ ਰਹੇ ਹਨ, ਉਹ ਘਰੇਲੂ ਯੁੱਧ ਸ਼ੁਰੂ ਕਰਨਾ ਚਾਹੁੰਦੇ ਹਨ। ਕੋਲਕਾਤਾ ਤੋਂ ਛਪਣ ਵਾਲੇ ਅੰਗਰੇਜ਼ੀ ਅਖਬਾਰ ‘ਦ ਟੈਲੀਗ੍ਰਾਫ’ ਨੇ ਨਸੀਰੂਦੀਨ ਸ਼ਾਹ ਦੀ ਇਸ ਟਿੱਪਣੀ ਨੂੰ ਪ੍ਰਮੁੱਖ ਸਥਾਨ ਦਿੱਤਾ ਹੈ। ਇੱਕ ਚੈਨਲ ਦੇ ਨਾਲ ਇੰਟਰਵਿਊ ਵਿੱਚ ਸ਼ਾਹ ਨੇ ਹਰਿਦੁਆਰ ਵਿੱਚ ਧਰਮ ਸੰਸਦ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਹੈ।
ਨਸੀਰੂਦੀਨ ਸ਼ਾਹ ਨੇ ਹਰਿਦੁਆਰ ਵਿੱਚ 17 ਤੋਂ 19 ਦਸੰਬਰ ਤੱਕ ਆਯੋਜਿਤ ਇੱਕ ਧਰਮ ਸੰਸਦ ਵਿੱਚ ਮੁਸਲਮਾਨਾਂ ਦੀ ਨਸਲ ਕੁਸ਼ੀ ਦੀ ਅਪੀਲ ਦੇ ਸਵਾਲ ‘ਤੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਪਤਾ ਹੈ ਕਿ ਉਹ ਕਿਸ ਬਾਰੇ ਵਿੱਚ ਗੱਲ ਕਰ ਰਹੇ ਹਨ ਤਾਂ ਮੈਂ ਹੈਰਾਨ ਹਾਂ। ਇਹ ਇੱਕ ਗ੍ਰਹਿ ਯੁੱਧ ਦੇ ਲਈ ਅਪੀਲ ਕਰ ਰਹੇ ਹਨ। ਸਾਡੇ ਵਿੱਚ 20 ਕਰੋੜ ਲੋਕ ਇੰਨੀ ਆਸਾਨੀ ਨਾਲ ਨਸ਼ਟ ਹੋਣ ਵਾਲੇ ਨਹੀਂ ਹਨ। ਅਸੀਂ 20 ਕਰੋੜ ਲੋਕ ਲੜਾਂਗੇ।
ਸਾਡੇ 20 ਕਰੋੜ ਲੋਕਾਂ ਦੇ ਲਈ ਇਹ ਮਾਤ-ਭੂਮੀ ਹੈ। ਅਸੀਂ 20 ਕਰੋੜ ਲੋਕ ਇੱਥੋਂ ਦੇ ਹੀ ਹਾਂ। ਸਾਡਾ ਇੱਥੇ ਜਨਮ ਹੋਇਆ ਹੈ। ਸਾਡੇ ਪਰਿਵਾਰ ਅਤੇ ਕਈ ਪੀੜੀਆਂ ਇੱਥੇ ਰਹੀਆਂ ਹਨ ਅਤੇ ਇਸੇ ਮਿੱਟੀ ਵਿੱਚ ਮਿਲ ਗਈਆਂ ਹਨ। ਮੈਂ ਇਸ ਗੱਲ ਤੋਂ ਨਿਸ਼ਚਿਤ ਹਾਂ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਅਭਿਆਨ ਸ਼ੁਰੂ ਹੋਇਆ ਤਾਂ ਇਸਦਾ ਸਖ਼ਤ ਵਿਰੋਧ ਹੋਵੇਗਾ ਅਤੇ ਲੋਕਾਂ ਦਾ ਗੁੱਸਾ ਫੁੱਟ ਪਵੇਗਾ।
ਨਸੀਰੂਦੀਨ ਨੇ ਕਿਹਾ ਕਿ ਇਹ ਮੁਸਲਮਾਨਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਪਰ ਮੁਸਲਮਾਨ ਹਾਰ ਨਹੀਂ ਮੰਨਣਗੇ। ਮੁਸਲਮਾਨ ਇਸਦਾ ਸਾਹਮਣਾ ਕਰਨਗੇ ਕਿਉਂਕਿ ਸਾਨੂੰ ਆਪਣਾ ਘਰ ਬਚਾਉਣਾ ਹੈ, ਆਪਣੀ ਮਾਤ-ਭੂਮੀ ਬਚਾਉਣੀ ਹੈ, ਆਪਣਾ ਪਰਿਵਾਰ ਬਚਾਉਣਾ ਹੈ, ਆਪਣੇ ਬੱਚਿਆਂ ਨੂੰ ਬਚਾਉਣਾ ਹੈ। ਮੈਂ ਮਜ਼੍ਹਬ ਦੀ ਗੱਲ ਨਹੀਂ ਕਰ ਰਿਹਾ। ਮਜ਼੍ਹਬ ਤਾਂ ਬਹੁਤ ਆਸਾਨੀ ਨਾਲ ਖਤਰੇ ਵਿੱਚ ਪੈ ਜਾਂਦਾ ਹੈ।