ਗਾਜਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਰੇਸ ਨੇ ਕਿਹਾ ਹੈ ਕਿ ਗਾਜ਼ਾ “ਮਨੁੱਖੀ ਸੰਕਟ” ਵਿੱਚੋਂ ਗੁਜ਼ਰ ਰਿਹਾ ਹੈ ਅਤੇ ਫ਼ਲਸਤੀਨੀ ਖੇਤਰ ਤੇਜ਼ੀ ਨਾਲ “ਬੱਚਿਆਂ ਲਈ ਕਬਰਸਤਾਨ” ਬਣ ਰਿਹਾ ਹੈ।
ਗੁਟੇਰੇਸ, ਜੋ 2017 ਤੋਂ ਸੰਯੁਕਤ ਰਾਸ਼ਟਰ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ, “ਹਰ ਰੋਜ਼ ਸੈਂਕੜੇ ਬੱਚੇ ਮਾਰੇ ਜਾਂ ਜ਼ਖ਼ਮੀ ਹੋ ਰਹੇ ਹਨ। ਉਸਨੇ ਕਿਹਾ ਕਿ ਸੰਘਰਸ਼ ਨੇ “ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ” ਅਤੇ ਬਹੁਤ ਸਾਰੀਆਂ “ਮਾਸੂਮ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ।”
ਗੁਟਰੇਸ ਨੇ ਇਕ ਵਾਰ ਫਿਰ 7 ਅਕਤੂਬਰ ਨੂੰ ਹਮਾਸ ਦੁਆਰਾ ਇਜ਼ਰਾਈਲ ‘ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹਮਾਸ ਦੇ ਲੜਾਕਿਆਂ ਨੇ ਨਾਗਰਿਕਾਂ ਨੂੰ “ਮਨੁੱਖੀ ਢਾਲ” ਵਜੋਂ ਵਰਤਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਮਾਰਨਾ, ਤਸੀਹੇ ਦੇਣਾ, ਅਗਵਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਹੈ।
ਐਂਟੋਨੀਓ ਗੁਟੇਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਸੰਘਰਸ਼ “ਵਿਆਪਕ ਖੇਤਰ ਵਿੱਚ ਫੈਲਣ ਦਾ ਖ਼ਤਰਾ” ਹੈ, ਇਸ ਲਈ ਇਸਨੂੰ ਤੁਰੰਤ ਰੋਕਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਲੇਬਨਾਨ ਅਤੇ ਸੀਰੀਆ ਤੋਂ ਲੈ ਕੇ ਇਰਾਕ ਅਤੇ ਯਮਨ ਤੱਕ ਵਧਦੀ ਹਿੰਸਾ ਦੇਖ ਰਹੇ ਹਾਂ। ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ, ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 10,000 ਨੂੰ ਪਾਰ ਕਰ ਗਈ ਹੈ, ਜਿਸ ਵਿੱਚ 4,100 ਤੋਂ ਵੱਧ ਬੱਚੇ ਸ਼ਾਮਲ ਹਨ।
ਇਹ ਸੰਘਰਸ਼ ਠੀਕ ਇਕ ਮਹੀਨਾ ਪਹਿਲਾਂ ਹਮਾਸ ਦੇ ਇਜ਼ਰਾਈਲ ‘ਤੇ ਹਮਲੇ ਨਾਲ ਸ਼ੁਰੂ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਗਾਜ਼ਾ ‘ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ ਅਤੇ ਇਜ਼ਰਾਈਲੀ ਫ਼ੌਜ ਗਾਜ਼ਾ ਦੇ ਉੱਤਰੀ ਇਲਾਕਿਆਂ ‘ਚ ਜ਼ਮੀਨੀ ਹਮਲੇ ਵੀ ਕਰ ਰਹੀ ਹੈ। ਇਜ਼ਰਾਈਲ ਵਿੱਚ ਹਮਾਸ ਦੇ ਹਮਲੇ ਵਿੱਚ ਕੁੱਲ 1400 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ।