Punjab

SGPC ਦੇ ਪ੍ਰਧਾਨਗੀ ਅਹੁਦੇ ਲਈ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰ ਦਾ ਕੀਤਾ ਐਲਾਨ ! ਤੀਜੀ ਵਾਰ ਧਾਮੀ ‘ਤੇ ਜਤਾਇਆ ਭਰੋਸਾ

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਨੇ 8 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ਲਈ ਆਪਣਾ ਉਮੀਵਾਰ ਐਲਾਨ ਦਿੱਤਾ ਹੈ । ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਤੀਜੀ ਵਾਰ ਉਮੀਦਵਾਰ ਬਣਾਇਆ ਗਿਆ ਹੈ । ਪਾਰਟੀ ਦੇ ਸੀਨੀਅਰ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘X’ ‘ਤੇ ਇਹ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ‘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ । ਉਨ੍ਹਾਂ ਨੇ SGPC ਦੇ ਮੈਂਬਰਾਂ ਦੇ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ,ਜਿੰਨਾਂ ਨੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਤੇ ਪੂਰੀ ਤਰ੍ਹਾਂ ਨਾਲ ਸੰਤੁਸ਼ਟੀ ਜਤਾਈ ਹੈ । ਇਸੇ ਲਈ ਸਾਡੀ ਪਾਰਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਹੀ SGPC ਦੇ ਪ੍ਰਧਾਨ ਲਈ ਉਮੀਦਵਾਰ ਹੋਣਗੇ।’

8 ਨਵੰਬਰ ਯਾਨੀ ਬੁੱਧਵਾਰ ਨੂੰ ਪ੍ਰਧਾਨ ਦੇ ਨਾਲ ਮੀਤ ਪ੍ਰਧਾਨ,ਜਨਰਲ ਸਕੱਤਰ,ਸਕੱਤਰ ਅਤੇ ਕਾਰਜਕਾਰੀ ਦੇ ਮੈਂਬਰਾਂ ਦੀ ਚੋਣ ਵੀ ਹੋਵੇਗੀ । ਪਿਛਲੀ ਵਾਰ ਬੀਬੀ ਜਗੀਰ ਕੌਰ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਮੁਕਾਬਲਾ ਸਖਤ ਹੋ ਗਿਆ ਸੀ । ਪਰ ਹੁਣ ਤੱਕ ਬੀਬੀ ਜਗੀਰ ਕੌਰ ਨੇ ਜਾਂ ਫਿਰ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕਿਸੇ ਤਰ੍ਹਾਂ ਦਾ ਦਾਅਵਾ ਨਹੀਂ ਕੀਤਾ ਗਿਆ ਹੈ । ਜਿਸ ਦਿਨ ਚੋਣਾਂ ਦਾ ਐਲਾਨ ਹੋਇਆ ਸੀ ਉਸੇ ਦਿਨ ‘ਦ ਖਾਲਸ ਟੀਵੀ ਨਾਲ ਖਾਸ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਸਾਫ ਕੀਤੀ ਸੀ ਕਿ ਉਹ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਉਤਰਗੇ ਉਹ ਜਨਰਲ ਚੋਣਾਂ ਦੀ ਤਿਆਰੀ ਕਰਨਗੇ । ਪਰ ਉਨ੍ਹਾਂ ਨੇ ਜ਼ਰੂਰ ਸਾਫ ਕੀਤਾ ਸੀ ਕਿ ਉਨ੍ਹਾਂ ਦੇ ਵੱਲੋਂ ਕਿਸੇ ਉਮੀਦਵਾਰ ਨੂੰ ਮੈਦਾਨ ਵਿੱਚ ਜ਼ਰੂਰ ਉਤਾਰਿਆ ਜਾਵੇਗਾ । ਪਰ ਹੁਣ ਤੱਕ ਅਜਿਹੇ ਕਿਸੇ ਵੀ ਉਮੀਦਵਾਰ ਦਾ ਨਾਂ ਉਨ੍ਹਾਂ ਦੇ ਵੱਲੋਂ ਐਲਾਨਿਆ ਨਹੀਂ ਗਿਆ ਹੈ । ਹੋ ਸਕਦਾ ਹੈ ਮੌਕੇ ‘ਤੇ ਬੀਬੀ ਜਗੀਰ ਕੌਰ ਵੱਲੋਂ ਕਿਸੇ ਦਾ ਨਾਂ ਅੱਗੇ ਕੀਤਾ ਜਾਵੇ।

ਅਗਲੇ ਸਾਲ SGPC ਦੀਆਂ ਜਨਰਲ ਚੋਣਾਂ ਹੋ ਸਕਦੀਆਂ ਹਨ । ਇਸ ਦੇ ਲਈ ਵੋਟਾਂ ਬਣਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ । SGPC ਦੇ ਜਨਰਲ ਹਾਉਸ ਵਿੱਚ 191 ਮੈਂਬਰ ਹੁੰਦੇ ਹਨ । 170 ਮੈਂਬਰ ਸਿੱਧੇ ਚੁਣੇ ਜਾਂਦੇ ਹਨ,15 ਮੈਂਬਰ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਨਾਮਜ਼ਦ ਹੁੰਦੇ ਹਨ ਜਦਕਿ ਇਸ ਤੋਂ ਇਲਾਵਾ ਪੰਜ ਤਖਤਾਂ ਦੇ ਜਥੇਦਾਰ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਇਸ ਦਾ ਮੈਂਬਰ ਹੁੰਦਾ ਹੈ ।