Punjab

“ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਦੇ ਇਕੱਠੇ ਹੋਣ ਦੀ ਥਾਂ ਨਹੀਂ ਰਿਹਾ”, ਸਿੱਖਾਂ ਦੀ ਤ੍ਰਾਸਦੀ ਨੂੰ ਦਰਸਾਉਂਦਾ ਵੱਡਾ ਸੱਚ

ਅੰਮ੍ਰਿਤਸਰ : ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਉਸ ਹਾਲਾਤ ਵਿੱਚ ਨਹੀਂ ਹੈ ਜਿੱਥੇ ਸਿੱਖ ਇਕੱਠੇ ਹੋ ਕੇ ਕੋਈ ਰਾਏ ਬਣਾ ਸਕਣ। ਸ਼੍ਰੀ ਅਕਾਲ ਤਖ਼ਤ ਸਾਹਿਬ ਆਜ਼ਾਦ ਨਹੀਂ ਹੈ। ਸਿੱਖ ਸੰਘਰਸ਼ ਦੇ ਲੀਡਰ ਭਾਈ ਦਲਜੀਤ ਸਿੰਘ ਨੇ ਬਿੱਟੂ ਨੇ ਆਪਣੇ ਪੰਥਕ ਜਜ਼ਬਾਤ ਸਾਂਝੇ ਕਰਦਿਆਂ ਇਹ ਵੱਡਾ ਦਾਅਵਾ ਕੀਤਾ ਹੈ।

ਅੱਜ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਹੋਈ ਸਿੱਖ ਵਿਦਵਾਨਾਂ ਅਤੇ ਚਿੰਤਕਾਂ ਦੀ ਇਕੱਤਰਤਾ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੌਜੂਦਾ ਸਥਿਤੀ ਅਤੇ ਉਸਦੇ ਭਵਿੱਖ ਬਾਰੇ ਡੂੰਘੀ ਵਿਚਾਰ ਗੋਸ਼ਟੀ ਕੀਤੀ ਗਈ ਹੈ।

ਭਾਈ ਦਲਜੀਤ ਸਿੰਘ ਬਿੱਟੂ ਨੇ ਅਸੀਂ ਕਿਸੇ ਤਰੀਕੇ ਨਾਲ ਪੰਥ ਦੇ ਅਹਿਮ ਮਸਲਿਆਂ ਉੱਤੇ ਇਕੱਠੇ ਹੋ ਕੇ ਰਾਏ ਬਣਾਉਣ ਦੇ ਲਈ ਮੰਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਭ ਤੋਂ ਪਹਿਲਾਂ ਮੁੱਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਚੁਣਿਆ ਹੈ ਜਿੱਥੋਂ ਬਾਕੀ ਮਸਲਿਆਂ ਦੇ ਹੱਲ ਨਿਕਲਦੇ ਹਨ। ਸਾਡੇ ਸਾਹਮਣੇ ਚਾਰ ਤਰ੍ਹਾਂ ਦੇ ਮੁੱਦੇ ਹਨ –

• ਸ਼੍ਰੀ ਅਕਾਲ ਤਖ਼ਤ ਸਾਹਿਬ – ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਾਂਝੇ ਰੂਪ ਵਿੱਚ ਜੋ ਅਸੀਂ ਫੈਸਲੇ ਲੈਂਦੇ ਸੀ, ਉਹੋ ਜਿਹਾ ਉੱਥੇ ਮਾਹੌਲ ਬਣਾਉਣਾ ਪੈਣਾ ਹੈ।

• ਗੁਰਦੁਆਰਿਆਂ ਦਾ ਪ੍ਰਬੰਧਨ – ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਕਰਨਾ ਹੈ, ਆਪਣੇ ਨੁਮਾਇੰਦੇ ਕਿਵੇਂ ਚੁਣਨੇ ਹਨ।

• ਭਾਰਤੀ ਸਿਸਟਮ ਵਿੱਚ ਵੋਟ ਪਾਲਿਟਕਸ ਵਿੱਚ ਖੇਤਰੀ ਦਲ ਵਜੋਂ ਜੋ ਭੂਮਿਕਾ ਨਿਭਾਉਣੀ ਹੈ, ਉਹ ਕਿਹੋ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਅਤੇ ਕਿਹੋ ਜਿਹੀ ਭੂਮਿਕਾ ਹੋਣਾ ਚਾਹੀਦੀ ਹੈ।

• ਖ਼ਾਲਿਸਤਾਨ ਦਾ ਸੰਘਰਸ਼ – ਅਸੀਂ ਕਿਵੇਂ ਤਾਲਮੇਲ ਲੈ ਕੇ ਆਉਣਾ ਹੈ, ਇਸ ਮੁੱਦੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ।

ਭਾਈ ਦਲਜੀਤ ਸਿੰਘ ਬਿੱਟੂ

ਡਾ. ਗੁਰਪ੍ਰੀਤ ਸਿੰਘ ਨੇ ਅਕਾਲੀ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਅਕਾਲੀ ਸ਼ਬਦ ਛੇਵੇਂ ਪਾਤਸ਼ਾਹ ਵੇਲੇ ਹੋਂਦ ਵਿੱਚ ਆਇਆ ਸੀ। ਉਸ ਸਮੇਂ ਗੁਰੂ ਸਾਹਿਬ ਜੀ ਨੇ ਇੱਕ ਫੌਜ ਤਿਆਰ ਕੀਤੀ ਸੀ ਜਿਸਨੂੰ ਅਕਾਲ ਫ਼ੌਜ ਕਿਹਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਅਕਾਲੀ ਨਿਰਸੁਆਰਥ ਹੋ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅਕਾਲੀਆਂ ਨੇ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਨਿਭਾਈਆਂ ਸਨ। ਅਕਾਲੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਗਰੇਜ਼ਾਂ ਨਾਲ ਕੀਤੀਆਂ ਜਾਂਦੀਆਂ ਸੰਧੀਆਂ ਦਾ ਵੀ ਵਿਰੋਧ ਕੀਤਾ ਜਾਂਦਾ ਸੀ।

ਡਾ. ਗੁਰਪ੍ਰਤ ਸਿੰਘ

ਸਿੱਖ ਚਿੰਤਕ ਡਾ.ਕੰਵਲਜੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਪਿਛੋਕੜ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੂਸੱਤਾ ਨੂੰ ਮੁੜ ਬਹਾਲ ਕਰਵਾਉਣ ਦੇ ਲਈ ਤਿੰਨ ਧੁਰੇ ਸੁਝਾਏ।
• ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਦੇਖੇ
• ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਸਾਂਝੇ ਰੂਪ ਵਿੱਚ ਚਲਾਉਣ ਵਾਲਾ ਜਥਾ ਸਥਾਪਿਤ ਹੋਣਾ ਚਾਹੀਦਾ ਹੈ
• ਸਿੱਖਾਂ ਦੀ ਵੋਟ ਪਾਲਿਟਿਕਸ ਹੋਵੇ

ਡਾ ਕੰਵਲਜੀਤ ਸਿੰਘ

ਉਨ੍ਹਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਵਿੱਚ ਚਾਰ ਕਿਸਮ ਦੇ ਵਰਗ ਬਣ ਗਏ ਸਨ, ਜਿਨ੍ਹਾਂ ਵਿੱਚ

• ਅਕਾਲੀ – ਗੁਰੂ ਸਾਹਿਬ ਜੀ ਤੋਂ ਕੁਰਬਾਣ ਹੋਣ ਲਈ ਸਦਾ ਤਿਆਰ
• ਰਾਜ ਸਿੱਖ – ਰਾਜਨੀਤਿਕ ਤੌਰ ਉੱਤੇ ਸੱਤਾ ਸਥਾਪਿਤ ਕਰਨਾ ਚਾਹੁੰਦੇ ਸਨ
• ਨੌਕਰੀਪੇਸ਼ਾ – ਜੋ ਹਕੂਮਤ ਵਿੱਚ ਨੌਕਰੀ ਕਰਦੇ ਸਨ ਪਰ ਅੰਦਰੋਂ ਪੰਥ ਦਰਦ ਰੱਖਦੇ ਸਨ
• ਆਮ ਮਿਲਵਰਤਣੀ ਸਿੱਖਾਂ ਦਾ ਜਥਾ

ਅੰਗਰੇਜ਼ਾਂ ਨੇ ਇਨ੍ਹਾਂ ਚਾਰਾਂ ਥੰਮਾਂ ਵਿੱਚੋਂ ਅਕਾਲੀਆਂ ਦੇ ਥੰਮ ਨੂੰ ਤੋੜ ਦਿੱਤਾ ਸੀ। ਉਨ੍ਹਾਂ ਨੇ ਇਤਿਹਾਸਕ ਪੱਖ ਦੱਸਦਿਆਂ ਕਿਹਾ ਕਿ ਇੱਕ ਕੇਂਦਰੀ ਢਾਂਚੇ ਵਾਲੀ ਜਥੇਬੰਦੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਿਕਲੀ। ਦੋਵਾਂ ਦੀ ਹੈਸੀਅਤ ਵੱਖਰੀ ਸੀ। ਸ਼੍ਰੋਮਣੀ ਕਮੇਟੀ ਦੀ ਹੈਸੀਅਤ ਸਿੱਖ ਮਸਲਿਆਂ ਬਾਰੇ ਸੀ ਅਤੇ ਅਕਾਲੀ ਦਲ ਦੀ ਹੈਸੀਅਤ ਰਾਜਨੀਤਿਕ ਅਤੇ ਸਿੱਖ ਮਸਲੇ ਸਨ।

ਫਿਰ ਇੱਕ ਸਵਾਲ ਪੈਦਾ ਹੋਇਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਚਾ ਹੈ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ। ਸਾਲ 1929 ਵਿੱਚ ਇਸਦਾ ਫੈਸਲਾ ਆਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਕਰੇਗੀ। ਇਸ ਨਾਲ ਇਹ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰ ਤੋਂ ਉੱਪਰ ਹੋ ਜਾਵੇਗਾ। ਇਸ ਤਰ੍ਹਾਂ ਜਦੋਂ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਥੱਲੇ ਲੈ ਆਂਦਾ ਤਾਂ ਫਿਰ ਇਹਨਾਂ ਨੇ ਸਾਲ 1960 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਮਰਜ਼ੀ ਦੇ ਫੈਸਲੇ ਕਰਵਾਉਣੇ ਸ਼ੁਰੂ ਕੀਤੇ ਗਏ, ਹਵਨ ਕੁੰਡ ਬਣਾਏ ਗਏ। ਇਸ ਸਭ ਨੂੰ ਰੋਕਣ ਦੇ ਲਈ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ 74 ਦਿਨਾਂ ਦਾ ਮਰਨ ਵਰਤ ਰੱਖਿਆ ਅਤੇ ਸ਼ਹੀਦ ਹੋਏ। ਉਨ੍ਹਾਂ ਦੇ ਸ਼ਹੀਦ ਹੋਣ ਤੱਕ ਅਕਾਲੀ ਦਲ ਉਨ੍ਹਾਂ ਨੂੰ ਭੰਡਦਾ ਰਿਹਾ ਸੀ ਕਿ ਉਹ ਕਾਂਗਰਸ ਦਾ ਏਜੰਟ ਹੈ। ਪਰ ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਅੱਜ ਤੱਕ ਅਕਾਲੀ ਦਲ ਉਸ ਦਾਗ ਹੇਠ ਜੀਅ ਰਿਹਾ ਹੈ।

ਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸਿੱਖ ਮਸਲਿਆਂ ਉੱਤੇ ਚਰਚਾ ਕਰਨ ਦੇ ਲਈ ਅੱਗੇ ਹੋਰ ਵੀ ਪ੍ਰੋਗਰਾਮ ਐਲਾਨਣ ਦਾ ਦਾਅਵਾ ਕੀਤਾ ਹੈ।
• 15 ਨਵੰਬਰ ਨੂੰ ਪ੍ਰਚਾਰਕਾਂ ਦੀ ਗੁਰਮਤਾ ਅਤੇ ਸਰਬੱਤ ਖ਼ਾਲਸਾ ਬਾਰੇ ਇਕੱਤਰਤਾ ਹੋਵੇਗੀ।
• ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਅਸੀਂ ਬਾਹਰਲੇ ਸਿੱਖਾਂ ਨਾਲ ਇੰਟਰਨੈੱਟ ਰਾਹੀਂ ਇਕੱਤਰਤਾ ਕਰਾਂਗੇ।
• ਸ਼ਹੀਦੀ ਸਭਾ ਤੋਂ ਪਹਿਲਾਂ ਨੌਜਵਾਨਾਂ ਦਾ ਇਕੱਠ ਸੱਦਿਆ ਜਾਵੇਗਾ ਜਿੱਥੇ ਸਾਰੇ ਪੱਖ ਵਿਚਾਰੇ ਜਾਣਗੇ।
• ਮਾਘੀ ਦੇ ਨੇੜੇ ਤੇੜੇ ਵਿਦਵਾਨਾਂ ਦਾ ਇਕੱਠ ਸੱਦਿਆ ਜਾਵੇਗਾ।
• ਫਰਵਰੀ ਵਿੱਚ ਬੀਬੀਆਂ ਦਾ ਇਕੱਠ ਸੱਦਿਆ ਜਾਵੇਗਾ।
• ਇਸੇ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਚਲਾਇਆ ਜਾਵੇਗਾ।