ਬਿਉਰੋ ਰਿਪੋਰਟ : G20 ਦੇ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤ ਆ ਰਹੇ ਹਨ । ਉਨ੍ਹਾਂ ਦੇ ਆਉਣ ਤੋਂ ਪਹਿਲਾਂ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਨੂੰ ਲੈਕੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ । ਵੱਖ-ਵੱਖ ਪਾਰਟੀਆਂ ਦੇ 70 ਬ੍ਰਿਟਿਸ਼ ਮੈਂਬਰ ਪਾਰਲੀਮੈਂਟਾਂ ਨੇ ਪੀਐੱਮ ਰਿਸ਼ੀ ਸੁਨਕ ਨੂੰ ਚਿੱਠੀ ਲਿਖ ਕੇ ਭਾਰਤ ਦੇ ਨਾਲ ਗੱਲ ਕਰਕੇ ਜੱਗੀ ਜੌਹਲ ਦੀ ਰਿਹਾਈ ਫੌਰਨ ਕਰਵਾਉਣ ਦੀ ਮੰਗ ਕੀਤੀ ਹੈ ।
70 MPs ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਦੀ ਸਰਕਾਰ ਨੇ 6 ਸਾਲਾਂ ਤੋਂ ਗਲਤ ਤਰੀਕੇ ਨਾਲ ਡਿਟੇਨ ਕੀਤਾ ਹੋਇਆ ਹੈ । ਟੋਰੀ ਤੋਂ ਐੱਮਪੀ ਡੈਵਿਡ ਡੈਵਿਸ ਨੇ ਕਿਹਾ ਸਰਕਾਰ ਦੀ ਪਹਿਲੀ ਜ਼ਿਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰੇ। ਜੇਕਰ ਨਾਗਰਿਕ ਦੇ ਨਾਲ ਨਾ-ਇਨਸਾਫੀ ਹੋ ਰਹੀ ਹੈ ਤਾਂ ਉਸ ਦੇ ਨਾਲ ਸਰਕਾਰ ਖੜੀ ਹੋਵੇ । ਪਰ ਸੁਨਕ ਸਰਕਾਰ ਵਿੱਚ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਵਿਦੇਸ਼ ਮੰਤਰਾਲਾ ਇਹ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਇਆ ਹੈ ।
UN ਵਰਕਿੰਗ ਗਰੁੱਪ ਆਫ ਐਰਬੀਟੇਰੀ ਡਿਟੈਨਸ਼ਨ ਨੇ ਕਿਹਾ ਜੌਹਲ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿ ਕਿਉਂਕਿ ਉਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਲਈ ਲਿੱਖ ਰਹੇ ਸਨ,ਉਨ੍ਹਾਂ ਨੇ ਸਿੱਖਾਂ ਨਾਲ ਜੁੜੇ ਕਈ ਮਾਮਲੇ ਚੁੱਕੇ ਸਨ । ਵਰਕਿੰਗ ਗਰੁੱਪ ਨੇ ਸਵਾਲ ਕੀਤਾ ਆਖਿਰ ਕਿਸ ਅਧਾਰ ‘ਤੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਡਿਟੇਨ ਕੀਤਾ ਗਿਆ ਸੀ ? ਕੀ ਇਸ ਦਾ ਕੋਈ ਕਾਨੂੰਨੀ ਅਧਾਰ ਹੈ ? ਜੌਹਰ ਦੇ ਭਰਾ ਅਤੇ ਵਕੀਲ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਪ੍ਰਧਾਨ ਮੰਤਰੀ ਸੁਨਕ ਦੇ ਪੀਐੱਮ ਮੋਦੀ ਦੇ ਨਾਲ ਚੰਗੇ ਰਿਸ਼ਤੇ ਹਨ। ਉਨ੍ਹਾਂ ਦੇ ਲਈ ਜੌਹਲ ਦੀ ਰਿਹਾਈ ਜ਼ਿਆਦਾ ਮੁਸ਼ਕਿਲ ਨਹੀਂ ਹੈ। ਜੌਹਲ ਦੇ ਭਰਾ ਨੇ ਕਿਹਾ 6 ਸਾਲ ਬਿਨਾਂ ਕਿਸੇ ਸਬੂਤ ਦੇ ਜੌਹਲ ਨੂੰ ਸਿਰਫ਼ ਇਲਜ਼ਾਮਾਂ ਦੇ ਅਧਾਰ ‘ਤੇ ਬੰਦ ਰੱਖਿਆ ਗਿਆ ਹੈ । ਜਦੋਂ ਤੱਕ ਅਪਰਾਧ ਸਿੱਧ ਨਹੀਂ ਹੁੰਦਾ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ।
ਜੱਗੀ ਜੌਹਲ ਇਸ ਵੇਲੇ ਤਿਹਾੜ ਜੇਲ੍ਹ ਹੈ । 4 ਨਵੰਬਰ 2017 ਨੂੰ ਉਸ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ । ਉਹ ਆਪਣੇ ਵਿਆਹ ਤੋਂ ਬਾਅਦ ਪਤਨੀ ਦੇ ਨਾਲ ਮਾਰਕਿਟ ਗਿਆ ਸੀ । ਇਲਜ਼ਾਮ ਲਗਾਏ ਗਏ ਸਨ ਕਿ ਪੰਜਾਬ ਵਿੱਚ ਹੋਇਆਂ ਕਈ ਟਾਰਗੇਟ ਕਿਲਿੰਗ ਵਿੱਚ ਜੱਗੀ ਜੌਹਲ ਦਾ ਹੱਥ ਸੀ । ਤਤਕਾਲੀ ਕੈਪਟਨ ਸਰਕਾਰ ਨੇ ਮਾਮਲਾ NIA ਨੂੰ ਸੌਂਪ ਦਿੱਤਾ ਸੀ । ਸ਼ੁਰੂ ਵਿੱਚ ਤਾਂ ਬ੍ਰਿਟਿਸ਼ ਸਰਕਾਰ ਵੱਲੋਂ ਜੱਗੀ ਜੌਹਲ ਨੂੰ ਵਕੀਲ ਦਿੱਤੇ ਗਏ ਸਨ । ਪਰਿਵਾਰ ਨੇ ਜੱਗੀ ਨੂੰ ਟਾਰਚਰ ਕਰਨ ਦਾ ਇਲਜ਼ਾਮ ਵੀ ਲਗਾਇਆ ਸੀ ।ਕਈ ਮਾਮਲਿਆਂ ਵਿੱਚ ਜੱਗੀ ਜੌਹਲ ਨੂੰ ਰਿਹਾ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਵੀ ਅਜਿਹੇ ਕਈ ਮਾਮਲੇ ਹਨ ਜਿੰਨਾਂ ਕੇਸਾਂ ਵਿੱਚ ਜੱਗੀ ਜੌਹਲ ਦੇ ਖਿਲਾਫ FIR ਦਰਜ ਹੈ । ਇਨ੍ਹਾਂ ਵਿੱਚ ਕਈ ਕੇਸਾਂ ‘ਤੇ ਹੁਣ ਤੱਕ ਸੁਣਵਾਈ ਵੀ ਸ਼ੁਰੂ ਨਹੀਂ ਹੋਈ ਹੈ ।