India Punjab

ਪੁਲਿਸ ਨੇ ਮੋਟਰਸਾਇਕਲ ਚੋਰ ਫੜ੍ਹਕੇ ਕੀਤਾ ਟਵੀਟ, ਲੋਕਾਂ ਨੇ ਕਿਹਾ…ਆਏ-ਹਾਏ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੁਲਿਸ ਦੇ ਨਾਕਿਆਂ ਉੱਤੇ ਕਈ ਰੂਪ ਸਾਹਮਣੇ ਆਉਂਦੇ ਹਨ। ਕਹਿੰਦੇ ਨੇ ਲੰਘ ਜਾਵੇ ਤਾਂ ਹਾਥੀ ਲੰਘ ਜਾਵੇ, ਫਸ ਜਾਵੇ ਤਾਂ ਇਹ ਪੂਛ ਨਹੀਂ ਲੰਘਣ ਦਿੰਦੇ। ਇਸੇ ਕਾਰਨ ਪੁਲਿਸ ਵਾਲਿਆਂ ਦੀਆਂ ਮਸਖਰੀਆਂ ਤੇ ਕਈ ਵਾਰ ਹਾਸੋਹੀਣੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣਦੀਆਂ ਹਨ। ਇਸੇ ਕੜੀ ਵਿੱਚ ਫਰੀਦਾਬਾਦ ਦੀ ਪੁਲਿਸ ਆਪਣੇ ਇਕ ਟਵੀਟ ਕਰਕੇ ਲੋਕਾਂ ਵਿੱਚ ਚਰਚਾ ਖੱਟ ਰਹੀ ਹੈ।

ਹੋਇਆ ਇਸ ਤਰ੍ਹਾਂ ਕਿ ਫਰੀਦਾਬਾਦ ਦੀ ਪੁਲਿਸ ਨੇ ਇੱਕ ਮੋਟਰਸਾਇਕਲ ਚੋਰੀ ਕਰਨ ਵਾਲੇ ਨੂੰ ਫੜਿਆ ਤੇ ਇਸਦੀ ਬਕਾਇਦਾ ਮੋਟਰਸਾਇਕਲ ਸਣੇ ਤਸਵੀਰ ਆਪਣੇ ਆਫੀਸ਼ਿਅਲ ਟਵਿੱਟਰ ਪੇਜ਼ ਉੱਤੇ ਸਾਂਝੀ ਕੀਤੀ। ਪੁਲਿਸ ਨੇ ਇਸ ਤਸਵੀਰ ਦੀ ਜੋ ਕੈਪਸ਼ਨ ਲਿਖੀ ਹੈ, ਉਹ ਬੜੀ ਕਮਾਲ ਦੀ। ਹਿੰਦੀ ਦਾ ਇਕ ਪੁਰਾਣਾ ਗਾਣਾ ਹੈ, ਭੋਲੀ ਸੀ ਸੂਰਤ ਆਂਖੋਂ ਮੇਂ ਮਸਤੀ ਦੂਰ ਖੜੀ ਸ਼ਰਮਾਏ…ਆਏ ਹਾਏ..। ਬਸ ਪੁਲਿਸ ਨੇ ਇਸਨੂੰ ਆਪਣੇ ਮੁਤਾਬਿਕ ਥੋੜ੍ਹਾ ਬਦਲ ਕੇ ਕੈਪਸ਼ਨ ਦਾ ਰੂਪ ਦਿੱਤਾ ਹੈ। ਪੁਲਿਸ ਨੇ ਲਿਖਿਆ…ਭੋਲੀ ਸੀ ਸੂਰਤ…ਕਾਮ ਮੇਂ ਸੁਸਤੀ…ਮੋਟਰਸਾਇਕਲ ਚੁਰਾਏ, ਹਾਏ।

ਹਾਲਾਂਕਿ ਪੁਲਿਸ ਹੱਥੇ ਰੋਜਾਨਾਂ ਮੋਟਰਸਾਇਕਲ ਚੋਰ ਚੜ੍ਹਦੇ ਹਨ, ਪਰ ਇਸ ਮੋਟਰਸਾਇਕਲ ਚੋਰ ਦੀ ਸੂਰਤ ਪੁਲਿਸ ਨੂੰ ਇਸ ਕਦਰ ਪਸੰਦ ਆ ਗਈ ਕਿ ਟਵੀਟ ਹੀ ਕਰ ਦਿੱਤਾ। ਲੋਕ ਵੀ ਇਸ ਕੈਪਸ਼ਨ ਦਾ ਪੂਰਾ ਅਨੰਦ ਲੈ ਰਹੇ ਹਨ।

ਕਮੈਂਟ ਕਰਨ ਵਾਲੇ ਇਸ ਗਾਣੇ ਦੀ ਅਖੀਰਲੀ ਤੁਕ…ਆਏ-ਹਾਏ ਲਿਖ ਕੇ ਹਾਸਾ ਠੱਠਾ ਕਰ ਰਹੇ ਹਨ। ਹੁਣ ਤੱਕ ਇਸਨੂੰ 6 ਹਜਾਰ ਤੋਂ ਵਧ ਲੋਕ ਦੇਖ ਚੁੱਕੇ ਹਨ ਤੇ ਪੁਲਿਸ ਦੀ ਕ੍ਰਿਏਟਿਵਿਟੀ ਨੂੰ ਵੀ ਦਾਦ ਦੇ ਰਹੇ ਹਨ।

ਦੱਸ ਦਈਏ ਕਿ ਇਸ ਟਵੀਟ ਵਿੱਚ ਸਾਂਝੀ ਕੀਤੀ ਫੋਟੋ ਵਿੱਚ ਲੜਕਾ ਬਾਈਕ ਨਾਲ ਬੈਠਾ ਹੈ। @KOHLIFIED ਨਾਂ ਦੇ ਇਕ ਟਵਿੱਟਰ ਯੂਜ਼ਰ ਨੇ ਤਾਂ ਇਹ ਵੀ ਕਹਿ ਦਿੱਤਾ…ਭਰਾ ਇੱਦਾਂ ਕਿਉਂ ਕਰਦਾ ਹੈਂ।