India Punjab

ਮਨੁੱਖੀ ਅਧਿਕਾਰ ਛਿੱਕੇ ‘ਤੇ : ਹਾਰਡਕੋਰ ਕੈਦੀਆਂ ਵਿਚਾਲੇ 16 ਸਾਲ ਦੇ ਬੱਚੇ ਨੇ ਕੱਟੇ 45 ਦਿਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੁਲਿਸ ਦਾ ਇਕ ਬਹੁਤ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। 16 ਸਾਲ ਦੇ ਇਕ ਬੱਚੇ 19 ਸਾਲ ਦਾ ਦੱਸ ਕੇ ਬੁੜੈਲ ਜੇਲ੍ਹ ਵਿੱਚ ਵੱਖ ਸਜਾਵਾਂ ਭੁਗਤ ਰਹੇ ਕੈਦੀਆਂ ਵਿਚਾਲੇ 45 ਦਿਨ ਰੱਖਿਆ ਗਿਆ।ਪੁਲਿਸ ਦੇ ਰਿਕਾਰਡ ਅਨੁਸਾਰ ਇਸ ਲੜਕੇ ਦੀ ਉਮਰ 19 ਸਾਲ ਹੈ, ਜਦੋਂ ਕਿ ਇਸਦੇ ਖਿਲਾਫ ਹੇਠਲੀ ਅਦਾਲਤ ਵਿੱਚ ਵਕੀਲ ਨੇ ਜੋ ਪਰੂਫ ਲਗਾਏ ਹਨ, ਉਹਨਾਂ ਅਨੁਸਾਰ ਬੱਦੇ ਉਮਰ 16 ਸਾਲ ਬਣਦੀ ਹੈ। ਜਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਆਈਓ ਯਾਨੀ ਕਿ ਜਾਂਚ ਅਧਿਕਾਰੀ ਨੂੰ ਕੋਰਟ ਬੁਲਾ ਲਿਆ ਹੈ।

ਇਸ ਮਾਮਲੇ ਵਿੱਚ ਵਕੀਲ ਅਭਿਨਵ ਗੋਇਲ ਦੇ ਹਵਾਲੇ ਨਾਲ ਰਵੀ ਅਟਵਾਲ ਨੇ ਦੱਸਿਆ ਕਿ ਪੁਲਿਸ ਦੀ ਲਾਪਰਵਾਹੀ ਨਾਲ ਇਕ ਬੱਚਾ ਹਾਰਡਕੋਰ ਅਪਰਾਧੀਆਂ ਵਿੱਚ ਰਿਹਾ ਹੈ, ਜਿਹੜਾ ਕਿ ਜੁਵੇਨਾਇਲ ਜਸਟਿਸ ਐਕਟ ਦੇ ਖਿਲਾਫ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਅਗਲੀ ਤਰੀਕ ਉੱਤੇ ਇਸ ਮਾਮਲੇ ਦਾ ਜਾਂਚ ਅਧਿਕਾਰੀ ਵੀ ਕੋਰਟ ਵਿੱਚ ਮੌਜੂਦ ਰਹੇਗਾ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਐੱਫਆਈਆਰ ਵਿੱਚ ਦੋਸ਼ੀ ਦੀ ਕੋਈ ਉਮਰ ਦਰਜ ਨਹੀਂ ਕੀਤੀ, ਜਦੋਂ ਕਿ ਕੋਰਟ ਵਿੱਚ ਰਿਮਾਂਡ ਲੈਣ ਲਈ ਜੋ ਅਰਜ਼ੀ ਲਗਾਈ ਗਈ, ਉਸ ਵਿੱਚ ਉਮਰ 19 ਸਾਲ ਲਿਖੀ ਹੈ।ਐਡਵੋਕੇਟ ਗੋਇਲ ਦੇ ਅਨੁਸਾਰ ਦੋਸ਼ੀ ਲੜਕੇ ਦੀ ਡੇਟ ਆਫ ਬਰਥ 12 ਜਨਵਰੀ 2005 ਹੈ, ਜਿਸ ਦਿਨ ਉਸ ਉੱਤੇ ਮਾਮਲਾ ਦਰਜ ਹੋਇਆ, ਉਦੋਂ ਉਸਦੀ ਉਮਰ ਸਾਢੇ ਸੋਲਾਂ ਸਾਲ ਸੀ।

ਵਕੀਲ ਕੋਲ ਲੜਕੇ ਦਾ ਦਸਵੀਂ ਦਾ ਸਰਟੀਫਿਕੇਟ ਤੇ ਅਧਾਰ ਕਾਰਡ ਵੀ ਹੈ। ਇਨ੍ਹਾਂ ਦੋਵਾਂ ਉੱਤੇ ਵੀ ਉਸਦੀ ਉਮਰ ਇਹੀ ਲਿਖੀ ਗਈ ਹੈ। ਵਕੀਲ ਦੇ ਅਨੁਸਾਰ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 9 ਮੁਤਾਬਿਕ ਜੇਕਰ ਕਿਸੇ ਮਜਿਸਟ੍ਰੇਟ ਦੇ ਕੋਲ ਜੁਵੇਨਾਇਲ ਜਾਂ ਬੱਚੇ ਨੂੰ ਪੇਸ਼ ਕੀਤਾ ਜਾਂਦਾ ਹੈ, ਤਾਂ ਬਿਨਾਂ ਦੇਰੀ ਉਸਨੂੰ ਬਾਲ ਸੁਧਾਰ ਘਰ ਭੇਜਿਆ ਜਾਣਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਦੋਸ਼ੀ ਦੇ ਖਿਲਾਫ 7 ਜੁਲਾਈ ਨੂੰ ਧਾਰਾ-354 ਡੀ ਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਇਕ 12 ਸਾਲ ਦੀ ਬੱਚੀ ਦੇ ਪਿਓ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਲੜਕੀ ਘਰ ਦੀ ਛੱਤ ਉੱਤੇ ਖੇਡ ਰਹੀ ਸੀ, ਤਾਂ ਸਾਹਮਣੇ ਵਾਲੀ ਬਿਲਡਿੰਗ ਦੇ ਲੜਕੇ ਨੇ ਉਨ੍ਹਾਂ ਦੀ ਛੱਤ ਉੱਤੇ ਪੈਂਨ ਸੁੱਟਿਆ ਜਿਸ ਵਿਚ ਇਕ ਕਾਗਜ ਸੀ ਤੇ ਉਸ ਵਿੱਚ ਮੋਬਾਇਲ ਨੰਬਰ ਲਿਖਿਆ ਹੋਇਆ ਸੀ। ਲੜਕੇ ਉੱਤੇ ਇਹ ਵੀ ਦੋਸ਼ ਲੱਗੇ ਨੇ ਕਿ ਉਹ ਲੜਕੀ ਨੂੰ ਗਲਤ ਨਜਰ ਨਾਲ ਦੇਖਦਾ ਸੀ।

ਤਾਜ਼ਾ ਜਾਣਕਾਰੀ ਮੁਤਾਬਿਕ ਪੁਲਿਸ ਨੇ ਕੋਰਟ ਤੋਂ ਦੋ ਦਿਨ ਦੀ ਮੁਹਲਤ ਲਈ ਹੈ। ਅਦਾਲਤ ਵੱਲੋਂ ਪੁਲਿਸ ਨੂੰ ਆਪਣਾ ਪੱਖ ਸਾਫ ਕਰਨ ਲਈ ਦੋ ਦਿਨ ਦਿੰਦਿਆਂ ਹੁਣ 25 ਅਗਸਤ ਨੂੰ ਮਾਮਲੇ ਦੀ ਸੁਣਵਾਈ ਦੇ ਹੁਕਮ ਦਿੱਤੇ ਹਨ।

Comments are closed.