ਬਿਉਰੋ ਰਿਪੋਰਟ – ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ (California) ਤੋਂ ਪੰਜਾਬੀਆਂ ਅਤੇ ਸਿੱਖਾਂ ਲਈ ਸਿਰ ਉੱਚਾ ਕਰਨ ਵਾਲੀ ਖ਼ਬਰ ਆਈ ਹੈ। ਸੂਬੇ ਦੇ ਗਵਰਨਰ ਗੈਵਿਕ ਨਿਊਸਮ ਨੇ ਰਾਜ ਸਿੰਘ ਬਧੇਸ਼ਾ ਨੂੰ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਨਵੇਂ ਜੱਜ ਵਜੋਂ ਨਿਯੁਕਤੀ ਕੀਤੀ ਹੈ। ਉਹ ਸ਼ਹਿਰ ਦੇ ਪਹਿਲੇ ਸਿੱਖ ਜੱਜ (California First Sikh Judge) ਹਨ।
ਕੈਲੀਫੋਰਨੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸੋਂ ਹੈ, ਉਨ੍ਹਾਂ ਸਾਰਿਆਂ ਲਈ ਇਹ ਖ਼ਬਰ ਮਾਣ ਵਧਾਉਣ ਵਾਲੀ ਹੈ। ਸਿਟੀ ਅਟਾਰਨੀ ਐਂਡਰਿਊ ਜੇਨਜ਼ ਨੇ ਰਾਜ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਗਿਆਨ ਦਾ ਭੰਡਾਰ, ਮੌਕੇ ਅਤੇ ਹਾਲਾਤਾਂ ਨੂੰ ਸਮਝਣ ਦੀ ਤਾਕਤ ਹੈ ਤੇ ਇਸੇ ਲਈ ਉਨ੍ਹਾਂ ਦੀ ਕਾਬਲੀਅਤ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਚੁਣਿਆ ਗਿਆ ਹੈ।
ਸਿਟੀ ਅਟਾਰਨੀ ਨੇ ਕਿਹਾ ਜਦੋਂ ਮੈਨੂੰ ਸਿਟੀ ਅਟਾਰਨੀ ਨਿਯੁਕਤ ਕੀਤਾ ਗਿਆ ਤਾਂ ਉਹ ਮੇਰੇ ਸਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ। ਰਾਜ ਸਿੰਘ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਚੰਗੇ ਜੱਜ ਵਿੱਚ ਹੋਣੇ ਚਾਹੀਦੇ ਹਨ।
ਆਪਣੀ ਨਿਯੁਕਤੀ ਤੋਂ ਬਾਅਦ ਰਾਜ ਸਿੰਘ ਬਧੇਸ਼ਾ ਨੇ ਕਿਹਾ ਮੈਂ ਗਵਰਨਰ ਰਗੈਵਿਨ ਨਿਊਸਮ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸੇਵਾ ਕਰਨ ਦੀ ਮੇਰੀ ਕਾਬਲੀਅਤ ‘ਤੇ ਭਰੋਸਾ ਹੈ। ਮੈਨੂੰ ਫਰੈਸਨੋ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਹੋਣ ‘ਤੇ ਮਾਣ ਹੈ।
ਰਾਜ ਸਿੰਘ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਭਾਈਚਾਰੇ ਦੇ ਉਸ ਹਿੱਸੇ ਦੀ ਨੁਮਾਇੰਦਗੀ ਕਰਦਾ ਹਾਂ ਜਿਸ ਨੂੰ ਅਸੀਂ ਅਕਸਰ ਬੈਂਚ ‘ਤੇ ਵੀ ਨਹੀਂ ਵੇਖਦੇ, ਮੈਂ ਰਾਜਪਾਲ ਦੇ ਫੈਸਲੇ ਦਾ ਸੁਆਗਤ ਕਰਦਾ ਹਾਂ।
ਰਾਜ ਸਿੰਘ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ ਲਾਅ, ਸਾਨ ਫਰਾਂਸਿਸਕੋ ਤੋਂ ਜੂਰਿਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਸੀ। ਜੱਜ ਬਣਨ ਤੋਂ ਬਾਅਦ ਉਹ ਜੌਨ ਐਨ ਕਪੇਟਨ ਦੀ ਰਿਟਾਇਰਮੈਂਟ ਨਾਲ ਖਾਲੀ ਹੋਈ ਅਸਾਮੀ ਭਰਨਗੇ।