ਮੁਹਾਲੀ : ਵਿਦੇਸ਼ਾਂ ਤੋਂ ਰਿਸ਼ਤੇਦਾਰ ਦੇ ਨਾਮ ਹੇਠ ਠੱਗੀ ਮਾਰਨ ਦੇ ਮਾਮਲੇ ਠੱਲ੍ਹ ਨਹੀਂ ਰਹੇ। ਲਗਾਤਾਰ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਹੁਣ ਤਾਜ਼ਾ ਮਾਮਲੇ ਵਿੱਚ ਬਨੂੜ ਦੇ ਇੱਕ ਬਜ਼ੁਰਗ ਵਿਅਕਤੀ ਨੂੰ ਲੱਖਾਂ ਦਾ ਰਗੜਾ ਲੱਗਿਆ ਹੈ। ਧੋਖੇਬਾਜ਼ ਨੇ ਇੱਕ ਬਜ਼ੁਰਗ ਨੂੰ ਉਸਦਾ ਰਿਸ਼ਤੇਦਾਰ ਦੱਸ ਕੇ ਚਾਰ ਲੱਖ ਦੀ ਠੱਗੀ ਮਾਰੀ ਹੈ।
ਜਾਣਕਾਰੀ ਮੁਤਾਬਕ ਬਨੂੜ ਅਧੀਨ ਪੈਂਦੇ ਪਿੰਡ ਬੂਟਾ ਸਿੰਘ ਵਾਲਾ ਵਿਖੇ ਇੱਕ ਬਜ਼ੁਰਗ ਛੱਜੂ ਸਿੰਘ ਦੇ ਬੈਂਕ ਖਾਤੇ ਵਿੱਚੋਂ ਇੱਕ ਨੌਸਰਬਾਜ਼ ਨੇ ਚਾਰ ਲੱਖ ਦੀ ਠੱਗੀ ਮਾਰ ਲਈ ਗਈ ਹੈ। ਥਾਣਾ ਬਨੂੜ ਦੀ ਪੁਲਿਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇੰਝ ਵਾਪਰੀ ਸਾਰੀ ਘਟਨਾ:
ਦੱਸਿਆ ਜਾ ਰਿਹਾ ਹੈ ਕਿ ਪੀੜਤ ਛੱਜੂ ਸਿੰਘ ਨੂੰ ਇੱਕ ਨੌਸਰਬਾਜ਼ ਨੇ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ। ਬਜ਼ੁਰਗ ਨੂੰ ਉਸ ਨੇ ਪੂਰੀ ਤਰ੍ਹਾਂ ਰਿਸ਼ਤੇਦਾਰ ਹੋਣ ਦਾ ਯਕੀਨ ਕਰਾ ਦਿੱਤਾ। ਉਸ ਨੇ ਬਜ਼ੁਰਗ ਨੂੰ ਇਹ ਕਹਿ ਕੇ ਉਸ ਦਾ ਬੈਂਕ ਖਾਤਾ ਮੰਗਵਾ ਲਿਆ ਕਿ ਉਹ ਉਸ ਵਿੱਚ 15 ਲੱਖ 80 ਹਜ਼ਾਰ ਦੀ ਰਾਸ਼ੀ ਪਵਾ ਰਿਹਾ ਹੈ, ਕਿਉਂਕਿ ਉਹ ਇੰਨੇ ਪੈਸੇ ਨਾਲ ਨਹੀਂ ਲਿਆ ਸਕਦਾ ਤੇ ਪੰਜਾਬ ਆ ਕੇ ਇਹ ਰਾਸ਼ੀ ਹਾਸਲ ਕਰ ਲਵੇਗਾ। ਉਸ ਨੇ ਬਜ਼ੁਰਗ ਨੂੰ 15.80 ਲੱਖ ਰੁਪਏ ਅਕਾਊਂਟ ਵਿੱਚ ਪਾਉਣ ਦੀ ਇੱਕ ਫਰਜ਼ੀ ਰਸੀਦ ਵੀ ਭੇਜੀ ਤੇ ਆਖਿਆ ਕਿ ਅਗਲੇ ਚੌਵੀ ਘੰਟੇ ਵਿੱਚ ਤੁਹਾਡੇ ਖਾਤੇ ਵਿੱਚ ਪੈਸੇ ਪਹੁੰਚ ਜਾਣਗੇ।
ਬਜ਼ੁਰਗ ਨੂੰ ਯਕੀਨ ਹੋ ਗਿਆ ਕਿ ਰਾਸ਼ੀ ਉਸ ਦੇ ਬੈਂਕ ਖਾਤੇ ਵਿੱਚ ਪਵਾਈ ਜਾ ਚੁੱਕੀ ਹੈ। ਨੌਸਰਬਾਜ਼ ਨੇ ਬਜ਼ੁਰਗ ਦੀ ਇਸ ਸਥਿਤੀ ਦਾ ਲਾਭ ਲੈਂਦਿਆਂ ਕਿਹਾ ਕਿ ਉਸ ਨੇ ਪੰਜਾਬ ਆਉਣ ਲਈ ਟਿਕਟ ਲੈਣੀ ਹੈ ਤੇ ਚਾਰ ਲੱਖ ਰੁਪਏ ਉਸ ਦੇ ਖਾਤੇ ਵਿੱਚ ਪਵਾ ਦਿਉ, ਉਸ ਵੱਲੋਂ ਭੇਜੀ ਗਈ ਰਾਸ਼ੀ ਵਿੱਚੋਂ ਇਹ ਪੈਸੇ ਕੱਟ ਲੈਣਾ। ਪੂਰੀ ਤਰ੍ਹਾਂ ਨੌਸਰਬਾਜ਼ ਦੀਆਂ ਗੱਲਾਂ ਵਿੱਚ ਫਸੇ ਬਜ਼ੁਰਗ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਦੱਸੇ ਬਿਨ੍ਹਾਂ ਨੌਸਰਬਾਜ਼ ਦੇ ਖਾਤੇ ਵਿੱਚ ਚਾਰ ਲੱਖ ਦੀ ਰਾਸ਼ੀ ਭੇਜ ਦਿੱਤੀ।
ਜਦੋਂ 24 ਘੰਟੇ ਬਾਅਦ ਵੀ ਬਜ਼ੁਰਗ ਦੇ ਖਾਤੇ ਵਿੱਚ ਪੈਸੇ ਨਾ ਆਏ ਤਾਂ ਉਸ ਨੇ ਆਪਣੇ ਨਜ਼ਦੀਕੀ ਨਾਲ ਇਸ ਬਾਰੇ ਗੱਲ ਕੀਤੀ, ਜਿਸ ਨੇ ਦੱਸਿਆ ਕਿ ਉਸ ਨਾਲ ਤਾਂ ਠੱਗੀ ਵੱਜ ਚੁੱਕੀ ਹੈ ਤੇ ਉਸ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਉਣਾ। ਇਸ ਮਗਰੋਂ ਪੀੜਤ ਛੱਜੂ ਸਿੰਘ ਨੇ ਸਾਇਬਰ ਸੈੱਲ ਪਟਿਆਲਾ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਥਾਣਾ ਬਨੂੜ ਦੀ ਪੁਲਿਸ ਨੇ ਪੀੜਤ ਛੱਜੂ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਨੌਸਰਬਾਜ਼ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।