‘ਦ ਖ਼ਾਲਸ ਬਿਊਰੋ (ਅਤਰ ਸਿੰਘ):- ‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਠੱਗੀ-ਠੋਰੀ ਦੀਆਂ ਵਾਰਦਾਤਾਂ ਦੇ ਨਿੱਤ ਨਵੇਂ ਕਿੱਸੇ ਦੇਖਣ ਨੂੰ ਮਿਲਦੇ ਹਨ। ਅਜਿਹੀ ਹੀ ਇੱਕ ਘਟਨਾ ਲੁਧਿਆਣਾ ਜਿਲ੍ਹੇ ਦੀ ਹੈ। ਜਿਸਦੀ ਜਾਣਕਾਰੀ ਲੁਧਿਆਣਾ ਤੋਂ ਰਿਟਾਇਡ ਬਤੌਰ ਬੈਂਕ ਕੈਸ਼ੀਅਰ ਪਿਆਰਾ ਸਿੰਘ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਦਾ ਹੀ ਰਾਜਪ੍ਰੀਤ ਸਿੰਘ ਦਿਉਲ ਉਰਫ ਰਾਜਾ ਦਿਉਲ, ਜੋ ਮੁੱਲਾਪੁਰ ਵਿੱਚ ਪ੍ਰੈੱਸ ਏਜੰਸੀ ਦਾ ਮਾਲਕ ਸੀ ਅਤੇ ਅੱਜ ਕੱਲ਼ ਕੈਨੇਡਾ ਵਿੱਚ ਰਹਿ ਰਿਹਾ ਹੈ, ਉਸਨੇ ਕਈ ਲੋਕਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਹਨਾਂ ਦੱਸਿਆ ਕਿ ਇੱਕਲੇ ਲੁਧਿਆਣਾ ਜਿਲ੍ਹੇ ਵਿੱਚ ਹੀ ਰਾਜੇ ਖਿਲਾਫ ਧੋਖਾਧੜੀ ਘੱਟੋ-ਘੱਟ 15 ਕੇਸ ਦਰਜ ਹਨ, ਪਰ ਸਿਆਸੀ ਦਬਾਅ ਕਾਰਨ ਪੁਲਿਸ ਰਾਜਾ ਦਿਓਲ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ।
ਪਿਆਰਾ ਸਿੰਘ ਨੇ ਕਿਹਾ ਕਿ ਇਹ ਵਿਅਕਤੀ ਮੋਟੀ ਠੱਗੀ ਮਾਰਦਾ ਹੈ, ਫਿਰ ਉਸ ਦਾ ਕੁੱਝ ਹਿੱਸਾ ਖਰਚ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿੰਨੀਆਂ ਵੀ FIR ਇਸ ਵਿਅਕਤੀ ਖਿਲਾਫ ਦਰਜ ਹੋਈਆਂ ਹਨ, ਉਹਨਾਂ ਸਾਰੀਆਂ ‘ਤੇ ਕਾਰਵਾਈ ਕੀਤੀ ਜਾਵੇ।
ਪਿਆਰਾ ਸਿੰਘ ਨੇ ਇਲਜ਼ਾਮ ਲਾਇਆ ਕਿ ਰਾਜਾਪ੍ਰੀਤ ਸਿੰਘ ਦਿਉਲ ਨੇ ਬੈਂਕ ਨਾਲ ਮਿਲ ਕੇ ਗਲਤ ਤਰੀਕੇ ਨਾਲ ਲੋਨ ਪਾਸ ਕਰਵਾ ਕੇ ਕਈ ਲੋਕਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਰਾਜੇ ਨੇ ਗਾਹਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ AMW ਮਾਰਕਾਂ 3123 Tipper (ਟਰੱਕ) ਦੇਣਗੇ, ਪਰ ਇਨ੍ਹਾਂ AMW ਦੇ 3123 Tipper ਦੇ ਵੇਰਵੇ ਬੈਂਕ ਨੂੰ ਦੇ ਕੇ ਲੋਨ ਪਾਸ ਕਰਵਾ ਲਏ। ਗੱਡੀਆਂ ਮਾਰਕੀਟ ਵਿੱਚ ਆਉਣ ਤੋਂ ਪਹਿਲਾਂ ਹੀ ਬੈਂਕ ਨਾਲ ਮਿਲੀ ਭੁਗਤ ਹੋਣ ਕਰਕੇ ਗੱਡੀਆਂ ਦੇ ਪੈਸੇ ਆਪਣੇ ਅਕਾਊਂਟ ਵਿੱਚ ਜਮਾਂ ਕਰਵਾ ਲਏ। ਜਿਸ ਤੋਂ ਬਾਅਦ ਜੋ ਗੱਡੀਆਂ ਇੱਕ-ਢੇਡ ਮਹੀਨੇ ਬਾਅਦ ਆਈਆਂ ਵੀ, ਉਹਨਾਂ ਦਾ ਮਾਰਕਾਂ kamaz 6540 ਸੀ ਅਤੇ ਉਹ ਗੱਡੀਆਂ ਵੀ ਪੁਰਾਣੀਆਂ ਸਨ ਅਤੇ ਮਾਡਲ ਵੀ ਪੁਰਾਣੇ ਸਨ।
ਪਿਆਰਾ ਸਿੰਘ ਨੇ ਇਲਜਾਮ ਲਾਇਆ ਕਿ ਰਾਜਪ੍ਰੀਤ ਸਿੰਘ ਨੇ ਕਈ ਗਾਹਕਾਂ ਤੋਂ ਧੋਖੇ ਨਾਲ ਪੈਸੇ ਤਾਂ ਲੈ ਲਏ, ਪਰ ਗੱਡੀਆਂ ਅਜੇ ਤੱਕ ਨਹੀਂ ਦਿੱਤੀਆਂ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਿਸ ਕੀਤੇ ਹਨ। ਪਿਆਰਾ ਸਿੰਘ ਦੀ ਮੰਗ ਹੈ ਕਿ ਇਸ ਮਾਮਲੇ ਦੀ ਕੋਰਟ ਵਿੱਚ ਸੁਣਵਾਈ ਹੋਵੇ, ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ।