ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਭਾਈ ਰਣਜੀਤ ਸਿੰਘ ਨੇ ਸ੍ਰੀ ਤਰਨ ਤਾਰਨ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਜਾਇਦਾਦ ਦੀ ਨਿਲਾਮੀ ਦੇ ਮੁੱਦੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਤਿੱਖਾ ਪਲਟਵਾਰ ਕੀਤਾ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਸ਼੍ਰੋਮਣੀ ਕਮੇਟੀ ਨੂੰ ਕਿਸ ਅਧਿਕਾਰ ਨਾਲ ਗੁਰੂ ਘਰ ਦੀ ਜਾਇਦਾਦ, ਜੋ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ’ਤੇ ਦਾਨ ਕੀਤੀ ਗਈ, ਨਿਲਾਮ ਕਰਨ ਦਾ ਹੱਕ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਜਾਇਦਾਦ ਉਨ੍ਹਾਂ ਰਾਗੀ ਸਿੰਘਾਂ ਜਾਂ ਪਾਠੀ ਸਿੰਘਾਂ ਨੂੰ ਦਿੱਤੀ ਜਾ ਸਕਦੀ ਸੀ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹਨ, ਪਰ ਕਮੇਟੀ ਨੇ ਇਸ ਨੂੰ ਘੱਟ ਕੀਮਤ ’ਤੇ ਆਪਣੇ ਚਹੇਤਿਆਂ ਨੂੰ ਵੇਚਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਬਿਆਨ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਬਿਨਾਂ ਤੱਥਾਂ ਦੇ ਬਿਆਨ ਦਿੰਦੇ ਹਨ, ’ਤੇ ਕਰੜਾ ਜਵਾਬ ਦਿੱਤਾ। ਭਾਈ ਸਿੰਘ ਨੇ ਕਿਹਾ ਕਿ ਜੇਕਰ ਕਮੇਟੀ ਦਾਅਵਾ ਕਰਦੀ ਹੈ ਕਿ ਇਹ ਜਾਇਦਾਦ ਗੁਰੂ ਘਰ ਦੀ ਨਹੀਂ ਸੀ, ਤਾਂ ਇਹ ਤੱਥਾਂ ਤੋਂ ਪਰ੍ਹੇ ਹੈ। ਉਨ੍ਹਾਂ ਨੇ ਜਾਇਦਾਦ ਦੀ ਕੀਮਤ ਦਾ ਹਵਾਲਾ ਦਿੰਦਿਆਂ ਕਿਹਾ ਕਿ 60 ਲੱਖ ਦੀ ਜਾਇਦਾਦ 16 ਲੱਖ ਵਿੱਚ ਵੇਚੀ ਗਈ, ਜਿਸ ਬਾਰੇ ਸਥਾਨਕ ਸੰਗਤ, ਕਮੇਟੀ ਅਤੇ ਉਹ ਖੁਦ ਵੀ ਜਾਣਦੇ ਹਨ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਉਹ ਪ੍ਰੈਸ ਕਾਨਫਰੰਸ ਬੁਲਾਉਣ, ਜਿਸ ਵਿੱਚ ਉਹ ਆਪਣੇ ਸਵਾਲ ਰੱਖਣਗੇ ਅਤੇ ਕਮੇਟੀ ਦੇ ਜਵਾਬ ਸੁਣਨਗੇ, ਤਾਂ ਜੋ ਸੰਗਤ ਫੈਸਲਾ ਕਰ ਸਕੇ ਕਿ ਨੁਕਸਾਨ ਕਿਸ ਦਾ ਹੋ ਰਿਹਾ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਜਾਇਦਾਦ 60 ਲੱਖ ਦੀ ਹੈ, ਤਾਂ 54 ਜਾਂ 55 ਲੱਖ ਵਿੱਚ ਵੇਚਣ ’ਤੇ ਵੀ ਸੰਗਤ ਸਮਰਥਨ ਕਰੇਗੀ, ਪਰ ਇੰਨੀ ਘੱਟ ਕੀਮਤ ’ਤੇ ਵੇਚਣਾ ਗਲਤ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਕਮੇਟੀ ਨੂੰ ਗੁਰੂ ਦੀ ਦਾਨ ਕੀਤੀ ਜਾਇਦਾਦ ਨਿਲਾਮ ਕਰਨ ਦੀ ਅਥਾਰਟੀ ਹੈ। ਸ਼੍ਰੋਮਣੀ ਕਮੇਟੀ ਦੇ ਇਸ ਦਾਅਵੇ ’ਤੇ, ਕਿ ਜਾਇਦਾਦ ’ਤੇ ਕਬਜ਼ੇ ਦਾ ਖਦਸ਼ਾ ਸੀ, ਭਾਈ ਸਿੰਘ ਨੇ ਕਿਹਾ ਕਿ ਇਹ ਬਹਾਨਾ ਹੈ। ਉਨ੍ਹਾਂ ਨੇ ਤੰਜ ਕਸਦਿਆਂ ਪੁੱਛਿਆ ਕਿ ਜੇਕਰ ਆਰਐਸਐਸ ਸ੍ਰੀ ਹਰਿਮੰਦਰ ਸਾਹਿਬ ’ਤੇ ਕਬਜ਼ੇ ਦਾ ਦਾਅਵਾ ਕਰੇ, ਤਾਂ ਕੀ ਕਮੇਟੀ ਉਸ ਨੂੰ ਵੀ ਵੇਚ ਦੇਗੀ।
ਉਨ੍ਹਾਂ ਨੇ ਚੋਲਾ ਸਾਹਿਬ ਦੀ ਜਾਇਦਾਦ ਦਾ ਮੁੱਦਾ ਵੀ ਚੁੱਕਿਆ, ਜਿੱਥੇ ਕਮੇਟੀ ਨੂੰ ਪੁੱਛਿਆ ਗਿਆ ਸੀ ਕਿ ਪਿਛਲੇ ਸਾਢੇ ਚਾਰ-ਪੰਜ ਸਾਲਾਂ ਵਿੱਚ ਉਸ ਜਾਇਦਾਦ ਤੋਂ ਕੀ ਆਮਦਨ ਜਾਂ ਫਾਇਦਾ ਹੋਇਆ, ਪਰ ਕਮੇਟੀ ਨੇ ਗੋਲਮੋਲ ਜਵਾਬ ਦਿੱਤਾ। ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਨੂੰ ਸਿੱਖ ਸੰਸਥਾਵਾਂ ਅਤੇ ਗੁਰੂ ਘਰਾਂ ਤੋਂ ਬਾਹਰ ਕੀਤਾ ਜਾਵੇ, ਕਿਉਂਕਿ ਗੁਰੂ ਘਰ ਸੰਗਤ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਹੈ, ਨਾ ਕਿ ਅਜਿਹੀਆਂ ਕਮੇਟੀਆਂ ਦਾ।