ਮੁਹਾਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਾਰ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਗੜਨ ਦੇ ਬਾਅਦ ਉੁਨ੍ਹਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤੀ ਇਲਾਜ ਦੇ ਬਾਅਦ ਉਨ੍ਹਾਂ ਨੂੰ ਆਈਸੀਯੂ ਵਿਚ ਦਾਖਲ ਕਰ ਦਿੱਤਾ ਗਿਆ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦਾ ਹਾਲ-ਚਾਲ ਪੁੱਛਿਆ ਹੈ।
ਇਸਦੀ ਜਾਣਕਾਰੀ ਉਨਾਂ ਨੇ ਟਵੀਟ ਕਰਦਿਆਂ ਦਿੱਤੀ ਹੈ। ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਜਾਣਨਾ ਚਿੰਤਾਜਨਕ ਹੈ ਕਿ ਉੱਘੇ ਨੇਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਬਿਮਾਰ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ। ਸੁਖਬੀਰ ਸਿੰਘ ਬਾਦਲ ਜੀ ਨਾਲ ਉਨ੍ਹਾਂ ਦੀ ਸਿਹਤ ਬਾਰੇ ਟੈਲੀਫੋਨ ‘ਤੇ ਗੱਲਬਾਤ ਕੀਤੀ।
Concerned to know that the veteran leader Shri Parkash Singh Badal Ji is unwell and admitted to hospital. Had a telephone discussion about his health with Shri Sukhbir Singh Badal Ji.
I pray to God for his speedy recovery.
— Amit Shah (@AmitShah) April 21, 2023
ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੇ ਹੋ ਚੁੱਕੇ ਹਨ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਹੈ। ਬੀਤੇ ਸਾਲ ਜੂਨ 2022 ਵਿਚ ਛਾਤੀ ਵਿਚ ਦਰਦ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਤਾਂ ਮਿਲ ਗਈ ਪਰ ਸਤੰਬਰ 2022 ਨੂੰ ਫਿਰ ਤੋਂ ਸਿਹਤ ਵਿਗੜਨ ‘ਤੇ ਪੀਜੀਆਈ ਲਿਆਂਦਾ ਗਿਆ ਸੀ। ਲਗਭਗ 6 ਮਹੀਨਿਆਂ ਬਾਅਦ ਹੁਣ ਉੁਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਹੈ।
ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿਚ ਸਿਆਸਤ ਵਿਚ ਕਦਮ ਰੱਖਿਆ ਸੀ। ਸ਼ੁਰੂਆਤ ਵਿਚ ਉਨ੍ਹਾਂ ਨੇ ਸਰਪੰਚ ਦੀ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਉਦੋਂ ਉਨ੍ਹਾਂ ਨੂੰ ਸਭ ਤੋਂ ਘੱਟ ਉਮਰ ਦੇ ਸਰਪੰਚ ਬਣਨ ਦਾ ਖਿਤਾਬ ਮਿਲਿਆ ਸੀ। ਉਹ 1970-71, 1977-80, 1997-2002 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਤੋਂ ਇਲਾਵਾ 1972, 1980 ਤੇ 2002 ਵਿਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ। 2022 ਦੀ ਚੋਣ ਲੜਨ ਦੇ ਬਾਅਦ ਉੁਹ ਸਭ ਤੋਂ ਵੱਧ ਉਮਰ ਦੇ ਉਮੀਦਵਾਰ ਵੀ ਬਣੇ।