Punjab

ਕਿਰਨਦੀਪ ਕੌਰ ਨੂੰ ਰੋਕੇ ਜਾਣ ‘ਤੇ ਗੁੱਸੇ ‘ਚ ਜਥੇਦਾਰ ! ਸਵਾਲਾਂ ਦੀ ਲਾ ਦਿੱਤੀ ਝੜ੍ਹੀ !

ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਨਾ ਜਾਣ ਦੇ ਖਿਲਾਫ਼ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ। ਮਾਮਲੇ ਦਾ ਸਿਆਸੀ ਪੱਧਰ ਉੱਤੇ ਹੋ ਰਹੇ ਵਿਰੋਧ ਦੇ ਵਿਚਕਾਰ ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਤੁਲਨਾ ਦੀਵਾਨ ਸੁੱਚਾਨੰਦ ਨਾਲ ਕੀਤੀ ਹੈ, ਜਿਸ ਨੇ ਸਾਹਿਬਜ਼ਾਦਿਆਂ ਖਿਲਾਫ ਸਾਜਿਸ਼ ਰੱਚ ਕੇ ਉਨ੍ਹਾਂ ਨੂੰ ਸ਼ਹੀਦ ਕਰਵਾਇਆ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ‘ਸਰਕਾਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਮਾਹੌਲ ਸਿਰਜ ਰਹੀ ਹੈ। ਉਨ੍ਹਾਂ ਨੇ ਕਿਹਾ ਉਸ ਕੁੜੀ ਤੋਂ ਪਹਿਲਾਂ ਹੀ ਘਰ ਵਿੱਚ ਪੁੱਛ-ਗਿੱਛ ਹੋ ਚੁੱਕੀ ਹੈ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਮੁੜ ਪੁੱਛ-ਗਿੱਛ ਕਰਨੀ ਚਾਹੀਦੀ ਸੀ। ਉਹ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ’ਤੇ ਕੋਈ ਕੇਸ ਵੀ ਦਰਜ ਨਹੀਂ ਹੈ। ਬ੍ਰਿਟੇਨ ਉਸਦਾ ਘਰ ਹੈ ਅਤੇ ਉਸਨੂੰ ਉੱਥੇ ਤੋਂ ਰੋਕਣਾ ਕਿਸੇ ਪੱਖੋਂ ਸਹੀ ਨਹੀਂ ਹੈ। ਜੇਕਰ ਸਰਕਾਰ ਨੂੰ ਫਿਰ ਵੀ ਲੱਗਦਾ ਹੈ ਕਿ ਪੁੱਛ-ਗਿੱਛ ਜ਼ਰੂਰੀ ਹੈ ਤਾਂ ਘਰ ਜਾ ਕੇ ਅਦਬ ਸਤਿਕਾਰ ਨਾਲ ਪੁੱਛਿਆ ਜਾ ਸਕਦਾ ਹੈ।’

ਜਥੇਦਾਰ ਨੇ ਦਿੱਤਾ ਇਤਿਹਾਸ ਦਾ ਹਵਾਲਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿਰਨਦੀਪ ਕੌਰ ਨੇ ਕੋਈ ਜ਼ਰਮ ਨਹੀਂ ਕੀਤਾ ਅਤੇ ਉਸ ਨੂੰ ਉਸਦੇ ਘਰ ਜਾਣ ਤੋਂ ਰੋਕਣਾ ਠੀਕ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਸੁੱਚਾ ਨੰਦ ਦਾ ਉਦਾਹਰਣ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਵੱਡੀ ਨਸੀਹਤ ਦਿੱਤੀ। ਜਥੇਦਾਰ ਸਾਹਿਬ ਨੇ ਕਿਹਾ ਜਦੋਂ ਫਤਿਹਗੜ੍ਹ ਦੀ ਧਰਤੀ ‘ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਤਾਂ ਦੀਵਾਨ ਸੁੱਚਾਨੰਦ ਨੇ ਜ਼ਹਿਰ ਉਗਲ ਦੇ ਹੋਏ ਵਜ਼ੀਰ ਖਾਨ ਨੂੰ ਭੜਕਾਉਂਦੇ ਹੋਏ ਕਿਹਾ ਸੀ ਕਿ ਜਿਹੜੇ ਸਾਹਿਬਜ਼ਾਦੇ ਸਪੋਲੀਏ ਹੋਣ, ਉਨ੍ਹਾਂ ਨੂੰ ਕੁਚਲ ਦੇਣਾ ਚਾਹੀਦਾ ਹੈ। ਉਸ ਵੇਲੇ ਮਲੇਰਕੋਟਲਾ ਦੇ ਨਵਾਬ ਨੇ ਭਰੇ ਦਰਬਾਰ ਵਿੱਚ ਕਿਹਾ ਸੀ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਇਨ੍ਹਾਂ ‘ਤੇ ਜ਼ੁਲਮ ਕਰਨਾ ਇਸਲਾਮ ਦੇ ਖਿਲਾਫ ਹੈ। ਜਥੇਦਾਰ ਨੇ ਅੱਗੇ ਕਿਹਾ ਭਾਵੇਂ ਨਵਾਬ ਮਲੇਰਕੋਟਲਾ ਨੇ ਕਈ ਜੰਗਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਲੜੀਆਂ ਪਰ ਉਸ ਵੇਲੇ ਜਿਹੜੇ ਉਸ ਨੇ ਸਾਹਿਬਜ਼ਾਦੀਆਂ ਦੇ ਹੱਕ ਵਿੱਚ ਬੋਲ ਬੋਲੇ ਉਸ ਦੇ ਲਈ ਅਸੀਂ ਅੱਜ ਵੀ ਨਵਾਬ ਮਲੇਰਕੋਟਲਾ ਦੀ ਸ਼ਲਾਘਾ ਕਰਦੇ ਹਾਂ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦਾ ਜਦੋਂ ਕੋਈ ਕਸੂਰ ਹੀ ਨਹੀਂ ਤਾਂ ਉਸ ਦੇ ਹੱਕ ਵਿੱਚ ਅਸੀਂ ਕੋਈ ਆਵਾਜ਼ ਵੀ ਨਾ ਚੁਕੀਏ ਤਾਂ ਇਹ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਰਨਦੀਪ ਕੌਰ ਨੂੰ ਪੁੱਛ-ਗਿੱਛ ਦੇ ਨਾਂ ‘ਤੇ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਉਧਰ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਰ ਪਰਮਜੀਤ ਸਿੰਘ ਸਰਨਾ ਨੇ ਵੀ ਕਿਰਨਦੀਪ ਦੇ ਹੱਕ ਵਿੱਚ ਸਾਹਮਣੇ ਆਏ ਹਨ ।

ਚੰਨੀ ਅਤੇ ਸਰਨਾ ਨੇ ਮਾਨ ਸਰਕਾਰ ਨੂੰ ਘੇਰਿਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ‘ਤੇ ਤੰਜ ਕੱਸਿਆ ਕਸਦੇ ਹੋਏ ਕਿਹਾ ਏਅਰਪੋਰਟ ‘ਤੇ ਅੰਮ੍ਰਿਤਪਾਲ ਦੀ ਪਤਨੀ ਨੂੰ ਰੋਕ ਕੇ ਵਾਪਿਸ ਭੇਜ ਦਿੱਤਾ, ਉਸ ਨੇ ਆਪਣੇ ਘਰਦਿਆਂ ਨੂੰ ਮਿਲਣ ਜਾਣਾ ਸੀ। ਚੰਨੀ ਨੇ ਕਿਹਾ ਕਿ ਉਹ ਇਕ ਮਹੀਨੇ ਤੋਂ ਘਰ ਸੀ, ਜੇ ਕੋਈ ਗੱਲ ਸੀ ਤਾਂ ਉਸਨੂੰ ਫੜ੍ਹ ਲੈਂਦੇ, ਹੁਣ ਕਿਉਂ ਵਾਪਿਸ ਮੋੜੀ ਹੈ।
ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਬੀਬੀ ਕਿਰਨਦੀਪ ਕੌਰ ਨੂੰ ਏਅਰਪੋਰਟ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਿਆ ਗਿਆ ਹੈ, ਇਹ ਬਹੁਤ ਮੰਦਭਾਗੀ ਤੇ ਪੰਥ ਅਤੇ ਪੰਜਾਬ ਨੂੰ ਵੰਗਾਰਨ ਵਾਲੀ ਗੱਲ ਹੈ। ਕਿਉਂਕੇ ਜਦੋਂ ਤੋਂ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਉਤੇ ਕਾਰਵਾਈ ਆਰੰਭੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਉਦੋਂ ਤੋਂ ਕਈ ਵਾਰ ਪੁਲਿਸ ਇਸ ਬੱਚੀ ਤੋਂ ਸੁਆਲ ਜੁਆਬ ਕਰਕੇ ਜਾਂਚ ਕਰ ਚੁੱਕੀ ਹੈ ਪਰ ਸਰਕਾਰ ਨੂੰ ਉਨ੍ਹਾਂ ਤੋਂ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਸਾਬਤ ਨਹੀਂ ਹੋਈ।

ਉਨ੍ਹਾਂ ਨੇ ਕਿਹਾ ਕਿ ਕਦੇ ਗੁਰੂ ਪੰਥ ਸਾਰੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਵਰਗੇ ਜਰਵਾਣਿਆਂ ਦੇ ਚੁੰਗਲ ਤੋਂ ਛੁਡਵਾ ਕਿ ਬਾਇੱਜ਼ਤ ਘਰੋਂ ਘਰੀ ਪਹੁੰਚਾਉਂਦਾ ਰਿਹਾ ਹੈ, ਅੱਜ ਉਸ ਪੰਥ ਦੀਆਂ ਧੀਆਂ ਨੂੰ ਜਲੀਲ ਕਰਨ ਵਾਲੇ ਅੱਜ ਦੇ ਜ਼ਕਰੀਆ ਖਾਨ ਨੂੰ ਸਿੱਖ ਕੌਮ ਕਦੇ ਨਹੀਂ ਭੁਲੇਗੀ।ਸਰਨਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਕਿਹਾ ਭਗਵੰਤ ਮਾਨ ਦੀ ਇਹ ਕਾਲੀ ਕਰਤੂਤ ਸਿੱਖਾਂ ਦੇ ਦਿਲਾਂ ਤੇ ਉਕਰ ਗਈ ਹੈ, ਜਿੰਨਾਂ ਪੰਜਾਬ ਦੇ ਲੋਕਾਂ ਨੇ ਆਪਣੀਆਂ ਵੋਟਾਂ ਰਾਹੀਂ ਇਸ ਝਾੜੂ ਮਾਰਕਾ ਸਰਕਾਰ ਨੂੰ ਚੁਣਿਆ ਸੀ, ਉਹੀ ਪੰਜਾਬ ਦੇ ਲੋਕ ਇਸ ਜ਼ਾਲਮ ਤੇ ਬੇਕਿਰਕੀ ਭਗਵੰਤ ਮਾਨ ਸਰਕਾਰ ਨੂੰ ਜੜਾਂ ਤੋਂ ਪੁੱਟਣ ਲਈ ਤਿਆਰ ਹਨ ਅਤੇ ਸਿਆਸੀ ਮਾਹਰ ਇਸਦੀ ਸ਼ੁਰੂਆਤ ਜਲੰਧਰ ਦੀ ਜਿਮਨੀ ਚੋਣ ਤੋਂ ਹੋਣ ਬਾਰੇ ਕਹਿ ਰਹੇ ਹਨ।