ਜਲੰਧਰ : ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਪੰਜਾਬ ਦੀ ਜਲੰਧਰ ਸੀਟ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਫਾਈਨਲ ਹੋ ਗਿਆ ਹੈ। ਇਸ ਦਾ ਸਿਰਫ਼ ਐਲਾਨ ਹੋਣਾ ਬਾਕੀ ਹੈ। ਪਰ ਐਲਾਨ ਤੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਕਾਂਗਰਸ ਦੋਫਾੜ ਹੋ ਗਈ ਹੈ। ਜਲੰਧਰ ‘ਚ ਕਰੀਬ 9 ਸਾਲ ਤੋਂ ਸੰਸਦ ਮੈਂਬਰ ਰਹੇ ਚੌਧਰੀ ਪਰਿਵਾਰ ਸਾਬਕਾ ਸੀਐੱਮ ਚੰਨੀ ਦਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ।
ਬੀਤੇ ਦਿਨ ਫਿਲੌਰ ਹਲਕੇ ਤੋਂ ਕਾਂਗਰਸੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਸੀ ਕਿ ਚੰਨੀ ਧਾਰਮਿਕ ਸਥਾਨਾਂ ‘ਤੇ ਜਾ ਕੇ ਆਪਣੇ ਗੁਨਾਹਾਂ ਦਾ ਪ੍ਰਾਸਚਿਤ ਕਰ ਰਹੇ ਹਨ। ਇਸ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨਾ ਵੀ ਠੀਕ ਨਹੀਂ ਸਮਝਦੇ। ਕਿਉਂਕਿ ਪਾਰਟੀ ਦਾ ਸਾਰਾ ਧਿਆਨ ਲੀਡਰਾਂ ‘ਤੇ ਹੈ। ਮੈਨੂੰ ਟਿਕਟ ਮਿਲੇ ਜਾਂ ਨਾ ਮਿਲੇ। ਮੈਂ ਕਾਂਗਰਸ ਲਈ ਕੰਮ ਕਰਨਾ ਜਾਰੀ ਰੱਖਾਂਗਾ।
ਸਾਬਕਾ ਮੁੱਖ ਮੰਤਰੀ ਚੰਨੀ(Charanjit Singh Channi) ਨੇ ਆਮ ਆਦਮੀ ਪਾਰਟੀ(Aam Aadmi Party) ‘ਤੇ ਤੰਜ ਕਸਦਿਆਂ ਕਿਹਾ ਕਿ ‘ਆਪ’ ਆਦਮੀ ਪਾਰਟੀ ਪੰਜਾਬ ‘ਚ ਲੋਕਾਂ ਨਾਲ ਧੋਖਾ ਕਰ ਰਹੀ ਹੈ। ਰਿੰਕੂ ਦਾ ਨਾਂ ਲਏ ਬਿਨਾਂ ਚੰਨੀ ਨੇ ਕਿਹਾ ਕਿ ਜਦੋਂ ਕੋਈ ਆਗੂ ਦੂਜੀ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੁੰਦਾ ਹੈ ਤਾਂ ਉਹ ਉਸ ਨੂੰ ਕ੍ਰਾਂਤੀਕਾਰੀ ਕਹਿੰਦੇ ਹਨ। ਇਸ ਦੇ ਨਾਲ ਹੀ ਜਦੋਂ ਉਹੀ ਆਗੂ ਪਾਰਟੀ ਛੱਡਦਾ ਹੈ ਤਾਂ ਪਾਰਟੀ ਉਸ ਨੂੰ ਗੱਦਾਰ ਆਖਦੀ ਹੈ।
ਦੱਸ ਦੇਈਏ ਕਿ ਰਿੰਕੂ ਨੇ ਬੀਤੇ ਦਿਨ ਇੱਕ ਬਿਆਨ ਵਿੱਚ ਕਿਹਾ ਸੀ ਕਿ ਚੰਨੀ ਇਮਾਨਦਾਰ ਨੇਤਾ ਨਹੀਂ ਹਨ। ਈਡੀ ਉਸ ਖ਼ਿਲਾਫ਼ ਜਾਂਚ ਕਰ ਰਹੀ ਹੈ। ਪੂਰਾ ਪਰਿਵਾਰ ਈਡੀ ਦੇ ਰਡਾਰ ‘ਤੇ ਹੈ, ਉਸ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਇਸ ਸਬੰਧੀ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਿੰਕੂ ਦਾ ਆਪਣਾ ਕੋਈ ਸਟੈਂਡ ਨਹੀਂ ਹੈ।
ਚੰਨੀ ਨੂੰ ਪੰਜਾਬੀ ਦੀ ਇੱਕ ਕਹਾਵਤ ਸੁਣਾਉਂਦੇ ਹੋਏ ਕਿਹਾ ‘ਪਹਿਲਾਂ ਬੇਬੇ ਨੇ ਜੱਟ ਕਰ ਲਿਆ, ਫੇਰ ਕਰ ਲਿਆ ਦਰਜ਼ੀ,ਅੱਜ ਕੱਲ੍ਹ ਬੇਬੇ ਮਿਮਜ਼ਾਦੇ ਨਾਲ ਤੇ ਕੱਲ੍ਹ ਪਤਾ ਨਹੀਂ ਕੀ ਕੀਤਾ। ਚੰਨੀ ਨੇ ਕਿਹਾ- ਰਿੰਕੂ ਪਹਿਲਾਂ ਹੀ ਤਿੰਨ ਪਾਰਟੀਆਂ ਤੋਂ ਛਾਲ ਮਾਰ ਚੁੱਕਾ ਹੈ। ਕੌਣ ਜਾਣਦਾ ਹੈ ਕਿ ਰਿੰਕੂ ਕੱਲ੍ਹ ਕੀ ਕਰੇਗਾ?