Punjab

ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਫਰੋਲਿਆ ਦੁੱਖ-ਸੁੱਖ

ਖਾਲਸ ਬਿਊਰੋ:ਡਰੱ ਗ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਬਾ ਬਕਾਲਾ ਵਿਖੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਦੀ ਧਰਮਪਤਨੀ ਤੇ ਹਲਕਾ ਮਜੀਠੀਆ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਵੀ ਉਹਨਾਂ ਦੇ ਨਾਲ ਸਨ। ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਜੇ ਲ੍ਹ ਯਾਤਰਾ ਬਾਰੇ ਗੱਲਬਾਤ ਕੀਤੀ।

ਕਾਨਫਰੰਸ ਦੌਰਾਨ ਭਾਵੁਕ ਹੋਏ ਮਜੀਠੀਆ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ,ਜਿਹਨਾਂ ਨੇ ਉਸ ਲਈ ਦੁਆਵਾਂ ਕੀਤੀਆਂ ਹਨ।ਇਸ ਤੋਂ ਇਲਾਵਾ ਉਹਨਾਂ ਆਪ ‘ਤੇ ਵਰਦਿਆਂ ਕਿਹਾ ਕਿ ਆਪ ਸਰਕਾਰ ਨੇ ਆਪਣੇ ਕਈ ਵਾਅਦੇ ਪੂਰੇ ਨਹੀਂ ਕੀਤੇ ਹਨ ਸਗੋਂ ਲੇਕਾਂ ਨਾਲ ਠੱ ਗੀ ਕੀਤੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਕੀਮਤਾਂ ਘਟਾਏ ਜਾਣ ਦੇ ਬਾਵਜੂਦ ਸੂਬਾ ਸਰਕਾਰ ਨੇ ਰੇਟ ਨਹੀਂ ਘਟਾਏ ਤੇ ਨਾ ਹੀ ਗੰਨੇ ਦੇ ਰੇਟ ‘ਤੇ ਕਿਸਾਨਾਂ ਨੂੰ ਕੋਈ ਰਾਹਤ ਦਿੱਤੀ ਹੈ।
ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਨੂੰ ਉਹਨਾਂ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਿਸੀ ਦੀ ਫੋਟੋਕਾਪੀ ਦੱਸਿਆ ਹੈ ਤੇ ਕਿਹਾ ਹੈ ਕਿ ਸਮਾਂ ਆਉਣ ‘ਤੇ ਇਸ ਦੇ ਪ੍ਰਭਾਵ ਦੇਖਣ ਨੂੰ ਮਿਲਣਗੇ।ਜੇਲ੍ਹ ਯਾਤਰਾ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਉਹਨਾਂ ‘ਤੇ ਪਾਇਆ ਪਰ ਚਾ ਗਲਤ ਹੈ। ਆਪਣੇ ‘ਤੇ ਹੋਏ ਕੇਸ ਦੇ ਸਬੰਧ ਵਿੱਚ ਉਹਨਾਂ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੀ ਜ਼ਿਕਰ ਕੀਤਾ ਤੇ ਵਿਅੰਗ ਵੀ ਕੀਤਾ ਕਿ ਉਹਨਾਂ ‘ਤੇ ਤਾਂ ਗਾਣਾ ਵੀ ਚੱਲ ਪਿਆ ਹੈ ਕਿ ਉਹਨਾਂ ਮੁੜ ਕੇ ਕਦੋਂ ਆਉਣਾ ਹੈ?

ਆਪਣੀ ਜੇਲ੍ਹ ਯਾਤਰਾ ਦੇ ਜ਼ਿਕਰ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਉਹਨਾਂ ਨੇ ਰਾਤਾਂ ਫਰਸ਼ ਉਤੇ ਸੌਂ ਕੇ ਕੱਟੀਆਂ ਹਨ ਪਰ ਉਨ੍ਹਾਂ ਦੀ ਜੇਲ੍ਹ ਯਾਤਰਾ ਬਹੁਤ ਹੀ ਵਧੀਆ ਸੀ ਤੇ ਉਹ ਬਹੁਤ ਕੁੱਝ ਸਿੱਖ ਕੇ ਆਏ ਹਨ।ਇਹ ਉਹਨਾਂ ਦੇ ਲਈ ਇੱਕ ਇਕਾਂਤਵਾਸ ਦੀ ਤਰਾਂ ਸੀ ।ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਜੋਆਣਾ ਦਾ ਜ਼ਿਕਰ ਵੀ ਉਹਨਾਂ ਕੀਤਾ ਤੇ ਕਿਹਾ ਕਿ ਉਹਨਾਂ ਦੀ ਜਿੰਦਗੀ ਨੂੰ ਉਹ ਬਹੁਤ ਨੇੜਿਉਂ ਦੇਖ ਕੇ ਆਏ ਹਨ,ਉਹਨਾਂ ਦੀ ਕੁਰਬਾਨੀ ਵੀ ਬਹੁਤ ਵੱਡੀ ਹੈ।
ਜੇਲ੍ਹ ਵਿੱਚ ਹੁੰਦੇ ਵੀਆਈਪੀ ਵਰਤਾਰੇ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਜੇਲ੍ਹ ਵਿੱਚ ਜ਼ਮੀਨ ‘ਤੇ ਹੀ ਸੌਂਦੇ ਸਨ, ਭਾਵੇਂ ਕਿ ਕੁੱਝ ਲੋਕਾਂ ਨੂੰ ਬੈਡ, ਗੱਦੇ ਅਤੇ ਗਰੀਨ ਚਾਹ ਦੇ ਨਾਲ ਕਾਜੂ-ਬਾਦਾਮ ਤੇ ਹੋਰ ਵੀ ਕਈ ਸੁਵਿਧਾਵਾਂ ਵੀ ਮੁਹੱਈਆ ਹੁੰਦੀਆਂ ਸਨ, ਜਿਸ ਬਾਰੇ ਜ਼ਿਆਦਾ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਬੈਂਸ ਹੀ ਦੇ ਸਕਦੇ ਹਨ।
ਮਜੀਠੀਆ ਨੇ ਜੇਲ੍ਹ ਯਾਤਰਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਚਿੰਤਾ ਹੈ ਭਾਵੇਂ ਅਸੀਂ ਸਿਆਸੀ ਤੋਰ ‘ਤੇ ਵਿਰੋਧੀ ਹਾਂ ਪਰ ਫਿਰ ਵੀ ਮੈਂ ਰੱਬ ਤੋਂ ਉਹਨਾਂ ਦੀ ਸੁੱਖ ਮੰਗਦਾ ਹਾਂ।
ਪੰਜਾਬ ਸਰਕਾਰ ‘ਤੇ ਦੁਬਾਰਾ ਵਰਦਿਆਂ ਉਹਨਾਂ ਕਿਹਾ ਕਿ ਆਮ ਜਨਤਾ ਨੂੰ ਸਹੂਲਤਾਂ ਦੇਣ ਵਾਲੇ ਆਪ ਸਰਕਾਰ ਦੇ ਸਾਰੇ ਦਾਅਵੇ ਝੂੱਠੇ ਹਨ।ਅਸਲ ਵਿੱਚ ਜ਼ਮੀਨੀ ਹਕੀਕਤ ਕੁੱਝ ਹੋਰ ਹੈ।ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕ ਬਾਰੇ ਉਹਨਾਂ ਕਿਹਾ ਕਿ ਇਹ ਦਿੱਲੀ ਵਿੱਚ ਵੀ ਫੇਲ ਹੋਏ ਹਨ ਤੇ ਇੱਥੇ ਵੀ।ਮਜੀਠੀਆ ਨੇ ਇਹ ਵੀ ਸਵਾਲ ਚੁੱਕਿਆ ਕਿ ਸਰਕਾਰ ਲਈ ਇਹਨਾਂ ‘ਤੇ ਖਰਚ ਕਰਨਾ ਜਿਆਦਾ ਜ਼ਰੂਰੀ ਸੀ ਜਾਂ ਫਿਰ ਆਯੂਸ਼ਮਾਨ ਸਕੀਮ ਅਧੀਨ ਇਲਾਜ ਕਰਾ ਰਹੇ ਲੋਕਾਂ ਲਈ ਪੀਜੀਆਈ ਨੂੰ ਭੁਗਤਾਨ ਕਰਨਾ।
ਉਨ੍ਹਾਂ ਕਿਹਾ ਕਿ ਜਿਵੇਂ ਗੁਰੂ ਸਾਹਿਬਾਨ ਨੇ ਮੱਖਣ ਸ਼ਾਹ ਲੁਬਾਣਾ ਦੀ ਬੇੜੀ ਪਾਰ ਲਗਾਈ ਸੀ, ਓਵੇਂ ਹੀ ਮੈਂ ਇਥੇ ਅਰਦਾਸ ਕਰਨ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਜਾਲਮ ਸਰਕਾਰਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ,ਮੇਰੇ ਪਰਿਵਾਰ ਨੇ ਬਹੁਤ ਕੁੱਝ ਭੁਗਤਿਆ ਹੈ ਪਰ ਮੈਂ ਉਹਨਾਂ ਦੇ ਹੌਂਸਲੇ ਨੂੰ ਸਲਾਮ ਕਰਦਾ ਹਾਂ ਤੇ ਉਹਨਾਂ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਹਾਂ,ਜਿਹਨਾਂ ਨੇ ਮੇਰੇ ਲਈ ਅਰਦਾਸਾਂ ਕੀਤੀਆਂ ਹਨ।