International

ਅਮਰੀਕਾ ‘ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ, ਟਰੰਪ ਨੇ 25% ਟੈਰਿਫ ਲਗਾਉਣ ਦਾ ਕੀਤਾ ਐਲਾਨ

ਅਮਰੀਕਾ ਵਿੱਚ ਵਿਦੇਸ਼ਾ ਕਾਰਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ ਆਯਾਤ ਹੋਣ ਵਾਲੀਆਂ ਸਾਰੀਆਂ ਵਿਦੇਸ਼ੀ ਕਾਰਾਂ ‘ਤੇ 25 ਪ੍ਰਤੀਸ਼ਤ ਡਿਊਟੀ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਫੀਸ ਸਥਾਈ ਹੋਵੇਗੀ ਅਤੇ ਇਹ ਪ੍ਰਣਾਲੀ 2 ਅਪ੍ਰੈਲ ਤੋਂ ਲਾਗੂ ਹੋਵੇਗੀ। ਫੀਸਾਂ ਦੀ ਵਸੂਲੀ 3 ਅਪ੍ਰੈਲ ਤੋਂ ਸ਼ੁਰੂ ਹੋਵੇਗੀ। “ਅਸੀਂ ਇਹ ਕਦਮ ਚੁੱਕਣ ਜਾ ਰਹੇ ਹਾਂ, ਜੋ ਕਿ ਉਨ੍ਹਾਂ ਸਾਰੀਆਂ ਕਾਰਾਂ ‘ਤੇ 25 ਪ੍ਰਤੀਸ਼ਤ ਟੈਰਿਫ ਹੋਵੇਗਾ ਜੋ ਸੰਯੁਕਤ ਰਾਜ ਵਿੱਚ ਨਹੀਂ ਬਣੀਆਂ ਹਨ।

ਇਹ ਇੱਕ ਸਥਾਈ ਕਦਮ ਹੋਵੇਗਾ। ਅਸੀਂ 2.5 ਪ੍ਰਤੀਸ਼ਤ ਟੈਰਿਫ ਨਾਲ ਸ਼ੁਰੂਆਤ ਕਰਾਂਗੇ ਜੋ ਸਾਡੇ ਕੋਲ ਇਸ ਸਮੇਂ ਹੈ ਅਤੇ ਫਿਰ ਇਸਨੂੰ ਵਧਾ ਕੇ 25 ਪ੍ਰਤੀਸ਼ਤ ਕਰਾਂਗੇ,” ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ।

ਟਰੰਪ ਨੇ ਇਹ ਵੀ ਕਿਹਾ ਕਿ ਇਸ ਕਦਮ ਨਾਲ ਅਮਰੀਕਾ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। “ਇਹ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਜਿਵੇਂ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਪਰ ਜੇਕਰ ਤੁਸੀਂ ਆਪਣੀ ਕਾਰ ਅਮਰੀਕਾ ਵਿੱਚ ਬਣਾਉਂਦੇ ਹੋ, ਤਾਂ ਇਸ ‘ਤੇ ਕੋਈ ਟੈਰਿਫ ਨਹੀਂ ਹੋਵੇਗਾ। ਵ੍ਹਾਈਟ ਹਾਊਸ ਨੂੰ ਉਮੀਦ ਹੈ ਕਿ ਇਸ ਨਾਲ ਸਾਲਾਨਾ 100 ਬਿਲੀਅਨ ਡਾਲਰ ਦਾ ਮਾਲੀਆ ਵਧੇਗਾ।

ਟਰੰਪ ਦਾ ਤਰਕ ਹੈ ਕਿ ਇਸ ਨਾਲ ਅਮਰੀਕਾ ਵਿੱਚ ਨਵੀਆਂ ਫੈਕਟਰੀਆਂ ਖੁੱਲ੍ਹਣਗੀਆਂ। ਕੈਨੇਡਾ ਅਤੇ ਮੈਕਸੀਕੋ ਵਿੱਚ ਬਣੇ ਕਈ ਤਰ੍ਹਾਂ ਦੇ ਆਟੋ ਪਾਰਟਸ ਅਤੇ ਤਿਆਰ ਵਾਹਨ ਹੁਣ ਅਮਰੀਕਾ ਵਿੱਚ ਬਣਾਏ ਜਾ ਸਕਣਗੇ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਫੈਸਲਾ ਸਥਾਈ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਟੈਰਿਫ ਲਗਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ‘ਤੇ ਸਿੱਧਾ ਹਮਲਾ ਹੈ, ਅਸੀਂ ਆਪਣੇ ਕਰਮਚਾਰੀਆਂ ਅਤੇ ਕੰਪਨੀਆਂ ਦੀ ਰੱਖਿਆ ਕਰਾਂਗੇ।