ਅੰਮ੍ਰਿਤਸਰ :ਪੰਜਾਬ ਦੇ ਅੰਮ੍ਰਿਤਸਰ ‘ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਨੂੰ ਉਸ ਦੇ ਪ੍ਰੇਮੀ ਨੇ ਵੀ ਠੁਕਰਾ ਦਿੱਤਾ। ਪਹਿਲਾਂ ਪਰਿਵਾਰ ਨਾਲ ਲੜਾਈ ਝਗੜਾ ਕਰਨ ਵਾਲੀ ਲੜਕੀ ਹੁਣ ਨਿਰਾਸ਼ਾ ਦੇ ਆਲਮ ‘ਚ ਆਪਣੇ ਮਾਪਿਆਂ ਨਾਲ ਡੇਰਾ ਬਾਬਾ ਨਾਨਕ ਚਲੀ ਗਈ ਹੈ। ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਮਗਰੋਂ ਪਰਿਵਾਰ ਹਵਾਲੇ ਵੀ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਟ੍ਰਿਲੀਅਮ ਮਾਲ ਦੀ ਪੰਜਵੀਂ ਮੰਜ਼ਿਲ ਦੀ ਕੰਧ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਰਾਤ 11 ਵਜੇ ਹੇਠਾਂ ਲਿਆਂਦਾ ਸੀ। ਜਦੋਂ ਉਹ ਹੇਠਾਂ ਉਤਰੀ ਤਾਂ ਉਸ ਦਾ ਬੁਆਏਫ੍ਰੈਂਡ ਵੀ ਉੱਥੇ ਮੌਜੂਦ ਸੀ। ਜਿਵੇਂ ਹੀ ਲੜਕੀ ਨੇ ਉਸ ਨੂੰ ਵਿਆਹ ਕਰਨ ਲਈ ਕਿਹਾ ਤਾਂ ਨੌਜਵਾਨ ਨੇ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ।
ਜਿਸ ਨੌਜਵਾਨ ਲਈ ਲੜਕੀ ਨੇ ਖੁਦਕੁਸ਼ੀ ਦਾ ਹਾਈਵੋਲਟੇਜ ਡਰਾਮਾ ਕੀਤਾ ਸੀ ਉਸ ਨੇ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਅਖੀਰ ਵਿੱਚ ਸਿਰਫ ਮਾਪੇ ਹੀ ਬੱਚੀ ਦੇ ਨਾਲ ਖੜੇ ਨਜ਼ਰ ਆਏ।
ਅੰਮ੍ਰਿਤਸਰ : ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਕੁੜੀ ਨੇ ਕੀਤੀ ਅਜਿਹੀ ਹਰਕਤ, ਮੌਕੇ ‘ਤੇ ਪੁੱਜ ਪੁਲਿਸ ਨੇ ਬਚਾਈ ਜਾਨ
ਲੜਕੀ ਨੇ ਦੱਸਿਆ ਕਿ ਉਸਦੀ ਅਤੇ ਨੌਜਵਾਨ ਦੀ ਦੁਬਈ ਵਿੱਚ ਦੋਸਤੀ ਹੋਈ ਸੀ। ਦੋਵੇਂ ਦੁਬਈ ‘ਚ ਕੰਮ ਕਰਦੇ ਸਨ। ਲੰਬੇ ਸਮੇਂ ਤੱਕ ਇੱਕ ਦੂਜੇ ਦੇ ਦੋਸਤ ਰਹਿਣ ਤੋਂ ਬਾਅਦ ਦੋਵਾਂ ਨੇ ਉੱਥੇ ਹੀ ਵਿਆਹ ਦਾ ਵਾਅਦਾ ਕੀਤਾ ਸੀ। ਜਦੋਂ ਦੋਵੇਂ ਪੰਜਾਬ ਵਾਪਸ ਆਏ ਤਾਂ ਲੜਕੀ ਨੇ ਆਪਣੇ ਘਰ ਵਿਆਹ ਦੀ ਗੱਲ ਕੀਤੀ। ਪਰਿਵਾਰ ਵਾਲਿਆਂ ਨੇ ਗੱਲ ਸੁਣ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਲੜਕੀ ਨੇ ਟ੍ਰਿਲੀਅਮ ਮਾਲ ਦੀ ਪੰਜਵੀਂ ਮੰਜ਼ਿਲ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ‘ਤੇ ਪੁਲਸ ਦੀ ਸੂਝ-ਬੂਝ ਕਾਰਨ ਲੜਕੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ।