ਬਿਊਰੋ ਰਿਪੋਰਟ : ਫੌਜ ਵਿੱਚ ਭਰਤੀ ਹੋਣ ਦੇ ਲਈ ਇਕ ਨੌਜਵਾਨ ਨੇ ਪਹਿਲਾਂ ਆਪਣੇ ਆਪ ਨੂੰ ਮ੍ਰਿਤਕ ਐਲਾਨਿਆ ਫਿਰ ਝੂਠਾ ਡੈਥ ਸਰਟਿਫਿਕੇਟ ਵੀ ਬਣਾਇਆ । ਸਿਰਫ਼ ਇੰਨਾਂ ਹੀ ਨਹੀਂ ਮੁੜ ਤੋਂ 10ਵੀਂ ਅਤੇ 12ਵੀਂ ਦੀ ਪਰੀਖਿਆ ਦੇ ਕੇ ਅਧਾਰ ਕਾਰਡ ‘ਤੇ ਚਲਾਨੀ ਨਾਲ ਨਾਂ ਵੀ ਬਦਲਵਾਇਆ । ਇਹ ਸਾਰੇ ਕੰਮ ਕਰਨ ਤੋਂ ਬਾਅਦ ਉਸ ਨੂੰ ਫੌਜ ਵਿੱਚ ਨੌਕਰੀ ਵੀ ਮਿਲ ਗਈ । ਪਰ ਕੁਝ ਮਹੀਨੇ ਬਾਅਦ ਇਕ ਗੁਮਨਾਮ ਚਿੱਠੀ ਨੇ ਉਸ ਦਾ ਰਾਜ਼ ਖੋਲ ਦਿੱਤਾ ਅਤੇ ਉਸ ਤੋਂ ਬਾਅਦ ਨਾ ਸਿਰਫ਼ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ ਬਲਕਿ ਉਸ ਦੇ ਖਿਲਾਫ਼ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਹੈ। ਨੌਜਵਾਨ ਦਾ ਫੌਜ ਵਿੱਚ ਭਰਤੀ ਛੋਟਾ ਭਰਾ ਵੀ ਉਸ ਦੀ ਮਦਦ ਕਰਨ ਦੇ ਲਈ ਸ਼ੱਕ ਦੇ ਘੇਰੇ ਵਿੱਚ ਹੈ। ਇਹ ਪੂਰਾ ਮਾਮਲਾ ਕਿਸੇ ਫਿਲਮੀ ਕਹਾਣੀ ਵਰਗਾ ਜ਼ਰੂਰ ਲੱਗ ਰਿਹਾ ਹੈ ਪਰ ਇਹ ਸੱਚ ਹੈ। ਤੁਹਾਨੂੰ ਦੱਸ ਦੇ ਹਾਂ ਆਖਿਰ ਨੌਜਵਾਨ ਨੇ ਅਜਿਹਾ ਕੀਤਾ ਕਿਉਂ ?ਇਸ ਦੇ ਪਿੱਛੇ ਕੀ ਕਾਰਨ ਸੀ ?
ਦਰਾਸਲ ਰਾਜਸਥਾਨ ਦੇ ਰਹਿਣ ਵਾਲੇ ਮੋਇਨੁਦੀਨ ਆਪਣੇ ਪਿਤਾ ਦੇ ਨਾਲ ਖੇਤੀ ਕਰਦਾ ਸੀ । ਉਸ ਦੇ ਛੋਟੇ ਭਰਾ ਦੀ ਫੌਜ ਵਿੱਚ ਨੌਕਰੀ ਲੱਗੀ ਸੀ । ਉਹ ਵੀ ਫੌਜ ਵਿੱਚ ਨੌਕਰੀ ਕਰਨਾ ਚਾਉਂਦਾ ਸੀ । ਪਰ ਉਮਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਉਹ ਫੌਜ ਦੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ ਸੀ । ਜਿਸ ਦੀ ਵਜ੍ਹਾ ਕਰਕੇ ਉਸ ਨੇ ਇਕ ਸ਼ਾਤਿਰ ਚਾਲ ਖੇਡੀ । ਮੋਇਨੁਦੀਨ ਦਾ ਜਨਮ 6 ਨਵੰਬਰ 1998 ਵਿੱਚ ਹੋਇਆ ਸੀ । ਜਦਕਿ ਛੋਟੇ ਭਰਾ ਆਸਿਫ ਦਾ ਜਨਮ 2001 ਵਿੱਚ ਹੋਇਆ ਸੀ। ਮੋਇਨੁਦੀਨ ਨੇ ਪਹਿਲਾਂ ਆਪਣੇ ਆਪ ਨੂੰ ਕਾਗਜ਼ਾਂ ਵਿੱਚ ਮਾਰਨ ਦੇ ਲਈ ਫਰਜ਼ੀ ਡੈਥ ਸਰਟਿਫਿਕੇਟ ਬਣਵਾਇਆ । ਜਿਸ ਵਿੱਚ ਲਿਖਿਆ ਸੀ ਕਿ 18 ਅਗਸਤ 2019 ਵਿੱਚ ਉਸ ਦੀ ਮੌਤ ਹੋ ਗਈ ਹੈ । ਇਸ ਤੋਂ ਬਾਅਦ ਮੋਇਨੁਦੀਨ ਨੇ ਮੋਹਿਨ ਸਿਸੋਦੀਆ ਦੇ ਨਾਂ ਨਾਲ 2019 ਵਿੱਚ ਦਸਵੀਂ ਦੀ ਪ੍ਰੀਖਿਆ ਦਿੱਤੀ । ਪਾਸ ਹੋਣ ਦੇ ਬਾਅਦ ਮੋਇਨੁਦੀਨ ਨੂੰ ਮੋਹਿਨ ਸਿਸੋਦੀਆ ਦੇ ਨਾਂ ਨਾਲ ਬੋਰਡ ਦਾ ਸਰਟਿਫਿਕੇਟ ਵੀ ਮਿਲ ਗਿਆ । ਜਦਕਿ ਉਸ ਤੇ ਪਿਤਾ ਦਾ ਨਾਂ ਨੂਰ ਮੁਹੰਮਦ ਅਤੇ ਮਾਂ ਦਾ ਨਾਂ ਫਾਤਿਮਾ ਬਾਨੋ ਹੀ ਰਿਹਾ । ਸਰਟਿਫਿਕੇਟ ‘ਤੇ ਹੁਣ ਮੋਇਨੁਦੀਨ ਉਰਫ਼ ਮੋਹਿਨ ਸੋਸਦੀਆ ਦੀ ਜਨਮ ਤਰੀਕ 6 ਨਵਬੰਰ 1998 ਤੋਂ ਬਦਲ ਕੇ 6 ਨਵਬੰਰ 2001 ਹੋ ਗਈ ਸੀ । ਉਹ ਹੁਣ ਆਪਣੇ ਭਰਾ ਤੋਂ ਵੀ ਇਕ ਸਾਲ ਹੁਣ ਛੋਟਾ ਹੋ ਗਿਆ ਸੀ । ਫਿਰ ਮੋਇਨੁਦੀਨ ਨੇ ਮੋਹਿਨ ਸਿਸੋਦਿਆ ਬਣ ਕੇ ਹੀ ਬਾਰਵੀਂ ਦੀ ਪ੍ਰੀਖਿਆ ਵੀ ਪਾਸ ਕੀਤੀ । ਹੁਣ ਉਸ ਕੋਲ 2 ਬੋਰਡ ਦੇ ਸਰਟਿਫਿਕੇਟ ਹੋ ਗਏ ਸਨ । ਫੌਜ ਵਿੱਚ ਨੌਕਰੀ ਦੇ ਲਈ ਹੁਣ ਉਸ ਨੂੰ ਨਵਾਂ ਅਧਾਰ ਕਾਰਡ ਬਣਾਉਣਾ ਸੀ । ਪਰ ਕਿਉਂਕਿ ਅਧਾਰ ਕਾਰਡ ਦਾ ਵੈਰੀਫਿਕੇਸ਼ਨ ਬਾਇਓਮੈਟਰਿਕ ਹੁੰਦਾ ਹੈ । ਮੋਇਨੁਦੀਨ ਦੇ ਨਾਂ ਨਾਲ ਉਹ ਫੜਿਆ ਜਾ ਸਕਦਾ ਸੀ । ਇਸ ਲਈ ਉਸ ਨੇ ਫਿਰ ਦਿਮਾਗ਼ ਲਗਾਇਆ ਅਤੇ ਨਵੀਂ ਚਾਲ ਖੇਡੀ ।
ਮੋਇਨੁਦੀਨ ਨੇ ਨਵਾਂ ਅਧਾਰ ਕਾਰਡ ਬਣਾਉਣ ਦੀ ਥਾਂ ਪੁਰਾਣੇ ਅਧਾਰ ਕਾਰਡ ‘ਤੇ ਨਾਂ ਅਤੇ ਜਨਮ ਤਰੀਕ ਬਦਲਵਾਈ । ਇਸ ਦੇ ਲਈ ਉਸ ਨੇ ਆਪਣੀ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਦੀ ਵਰਤੋਂ ਕੀਤੀ ਜਿਸ ‘ਤੇ ਉਸ ਦਾ ਨਾਂ ਬਦਲਿਆ ਹੋਇਆ ਸੀ । ਮੋਇਨੁਦੀਨ ਦੇ ਅਧਾਰ ਕਾਰਡ ‘ਤੇ ਹੁਣ ਉਸ ਦਾ ਨਾਂ ਅਤੇ ਜਨਮ ਦੀ ਤਰੀਕ ਬਦਲ ਚੁੱਕੀ ਸੀ ਪਰ ਅਧਾਰ ਦਾ ਨੰਬਰ ਪੁਰਾਣਾ ਹੀ ਸੀ । ਕਾਗਜ਼ਾਂ ਵਿੱਚ ਹੇਰਾ-ਫੇਰੀ ਕਰਕੇ ਮੋਇਨੁਦੀਨ ਮੋਹਿਨ ਸਿਸੋਦੀਆ ਬਣ ਕੇ ਫੌਜ ਵਿੱਚ ਭਰਤੀ ਹੋ ਗਿਆ ਅਤੇ ਕਈ ਮਹੀਨਿਆਂ ਤੱਕ ਤਨਖ਼ਾਹ ਵੀ ਲੈਂਦਾ ਰਿਹਾ । ਪਰ ਮੋਇਨੁਦੀਨ ਨੂੰ ਫੌਜ ਵਿੱਚ ਭਰਤੀ ਕਰਵਾਉਣ ਦੇ ਲਈ ਉਸ ਦੇ ਭਰਾ ਦਾ ਅਹਿਮ ਰੋਲ ਰਿਹਾ ।
ਦਰਾਸਲ ਫੌਜ ਵਿੱਚ ਨਿਯਮ ਹੈ ਜੇਕਰ ਇਕ ਭਰਾ ਫੌਜ ਵਿੱਚ ਭਰਤੀ ਹੁੰਦਾ ਹੈ ਤਾਂ ਆਪਣੇ ਕੋਟੇ ਤੋਂ ਦੂਜੇ ਭਰਾ ਦੀ ਸਿਫਾਰਿਸ਼ ਕਰ ਸਕਦਾ ਹੈ। ਮੋਇਨੁਦੀਨ ਦੇ ਛੋਟੇ ਭਰਾ ਆਸਿਫ ਨੇ ਉਸ ਦੀ ਸਿਫਾਰਿਸ਼ ਕੀਤੀ ਸੀ। ਪਰ ਫੌਜ ਨੂੰ ਮਿਲੀ ਇਕ ਚਿਠੀ ਨੇ ਮੋਇਨੁਦੀਨ ਦਾ ਪਰਦਾਫਾਸ਼ ਕਰ ਦਿੱਤਾ । ਗਫੂਰ ਖ਼ਾਨ ਨਾਂ ਦੇ ਸ਼ਖ਼ਸ ਨੇ ਇਹ ਚਿੱਠੀ ਫੌਜ ਦੇ ਅਧਿਕਾਰੀਆਂ ਨੂੰ ਲਿਖੀ ਸੀ । ਸ਼ਿਕਾਇਤ ਤੋਂ ਬਾਅਦ ਜਾਂਚ ਹੋਈ ਤਾਂ ਪੂਰਾ ਮਾਮਲਾ ਸਾਹਮਣੇ ਆ ਗਿਆ ਹੈ । ਸ਼ਿਕਾਇਤਕਰਤਾ ਗਫੂਰ ਖਾਨ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ । ਉਸ ਨੇ ਮੰਗ ਕੀਤੀ ਹੈ ਮੋਇਨੁਦੀਨ ਦੇ ਛੋਟੇ ਭਰਾ ਆਰਿਫ ਅਤੇ ਪਿਤਾ ਮੁਹੰਮਦ ਨੂਰ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ।