International

ਦੁਬਈ ‘ਚ 4 ਇੰਚ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ, ਏਅਰਪੋਰਟ ਅਤੇ ਸੜਕਾਂ ਤੇ ਭਰਿਆ ਪਾਣੀ, 18 ਦੀ ਮੌਤ

 ਆਬੂ ਧਾਬੀ, ਦੁਬਈ ਅਤੇ ਅਲ ਆਇਨ : ਸੰਯੁਕਤ ਅਰਬ ਅਮੀਰਾਤ (United Arab Emirates) ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਨੇ ਹੜ੍ਹ ਵਰਗੀ ਸਥਿਤੀ (Flood like situation due to heavy rain) ਪੈਦਾ ਕਰ ਦਿੱਤੀ। ਆਬੂ ਧਾਬੀ, ਦੁਬਈ ਅਤੇ ਅਲ ਆਇਨ ਵਰਗੇ ਸ਼ਹਿਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਪ੍ਰਮੁੱਖ ਹਾਈਵੇਅ ਅਤੇ ਹਵਾਈ ਅੱਡਿਆਂ ‘ਤੇ ਪਾਣੀ ਭਰ ਗਿਆ। ਜਿਸ ਕਾਰਨ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਦੌਰਾਨ ਯੂਏਈ ਦੇ ਗੁਆਂਢੀ ਓਮਾਨ ਵਿਚ ਵੀ ਭਾਰੀ ਮੀਂਹ ਕਾਰਨ ਹੜ੍ਹ ਦੀ ਮਾਰ ਝੱਲਣੀ ਪਈ। ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸੜਕਾਂ, ਰੇਲਵੇ ਅਤੇ ਉਡਾਣਾਂ ਪ੍ਰਭਾਵਿਤ ਹੋਈਆਂ। ਇਨ੍ਹਾਂ ਸ਼ਹਿਰਾਂ ਵਿੱਚ ਦਫ਼ਤਰ ਅਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਸੋਮਵਾਰ 15 ਅਪ੍ਰੈਲ ਦੀ ਰਾਤ ਤੋਂ ਯੂਏਈ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮੰਗਲਵਾਰ, 16 ਅਪ੍ਰੈਲ ਦੀ ਸ਼ਾਮ ਤੱਕ, 120 ਮਿਲੀਮੀਟਰ (4.75 ਇੰਚ) ਤੋਂ ਵੱਧ ਪਾਣੀ ਡਿੱਗਿਆ। ਸੰਯੁਕਤ ਅਰਬ ਅਮੀਰਾਤ ਵਿੱਚ ਸਾਲ ਭਰ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਸਵੇਰੇ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਬਹਿਰੀਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਭਾਰੀ ਮੀਂਹ ਕਾਰਨ ਹਾਲਾਤ ਖਰਾਬ ਹਨ। ਓਮਾਨ ਵਿੱਚ ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਅਤੇ ਤੂਫਾਨ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਬੰਦ ਰਹੇ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਕਈ ਵਾਹਨ ਫਸੇ ਹੋਏ ਦੇਖੇ ਗਏ। ਪਾਣੀ ਕੁਝ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਨੂੰ ਦੇਖਦੇ ਹੋਏ ਦੁਬਈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪਬਲਿਕ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਸੀ।

ਮੌਸਮ ਵਿਭਾਗ ਦੀ ਸਲਾਹ ਮੁਤਾਬਕ ਮੀਂਹ ਅਤੇ ਤੂਫਾਨ ਦੀ ਸਥਿਤੀ ਬੁੱਧਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਮੀਂਹ ਕਾਰਨ ਹਵਾਈ ਅੱਡੇ ਦੇ ਨਾਲ-ਨਾਲ ਕਈ ਮਾਲ, ਮੈਟਰੋ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਪੂਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ।