Punjab

ਪੰਜਾਬ ਤੋਂ ਦੱਖਣ-ਪੂਰਬੀ ਮੁਲਕਾਂ ਲਈ ਉਡਾਣਾਂ ਹੋਣਗੀਆਂ ਸ਼ੁਰੂ , 3 ਸਤੰਬਰ ਤੋਂ ਚੱਲਣਗੀਆਂ ਉਡਾਣਾਂ

Flights to south-eastern countries will start from Punjab, flights will run from September 3

ਮਾਰਚ 2020 ਵਿੱਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਪੰਜਾਬ ਤੋਂ ਆਸਟਰੇਲੀਆ, ਕੁਆਲਾਲੰਪੁਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਵਿਚਾਲੇ ਸਿੱਧੀਆਂ ਉਡਾਣਾਂ 3 ਸਤੰਬਰ ਤੋਂ ਦੁਬਾਰਾ ਸ਼ੁਰੂ ਹੋ ਰਹੀਆਂ ਹਨ।
ਇਹ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਕਨਵਨੀਰ ਇੰਡੀਆ ਯੋਗੇਸ਼ ਕਾਮਰਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਦਿੱਤੀ। ਏਅਰ ਏਸ਼ੀਆ ਐਕਸ ਹੁਣ ਮੁੜ ਹਫ਼ਤੇ ‘ਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ ਅਤੇ ਆਸਟਰੇਲੀਆ ਦੇ ਸ਼ਹਿਰ ਮੈਲਬਾਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆਂ ਹਵਾਈ ਉਡਾਣਾਂ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਨਾਲ ਮੁੜ ਜੁੜ ਜਾਣਗੇ। ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ।

ਇਸ ਦੇ ਨਾਲ ਹੀ ਨਿਊਜ਼ੀਲੈਡ ਦੇ ਆਕਲੈਂਡ ਸ਼ਹਿਰ ਅਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਵੀ ਰਾਹ ਪੱਧਰਾ ਹੋ ਜਾਵੇਗਾ। ਏਅਰਲਾਈਨ ਵੱਲੋਂ ਕੁਆਲਾਲੰਪੁਰ ਰਾਹੀਂ ਬਾਹਰੀ ਮੁਲਕਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਵਿਧਾਜਨਕ ਸੰਪਰਕ ਦੇਣ ਲਈ ਇਸ ਵਾਰ ਇਹਨਾਂ ਉਡਾਣਾਂ ਦਾ ਸੰਚਾਲਨ ਦੋ ਵੱਖ-ਵੱਖ ਸਮੇਂ ਤੇ ਕੀਤਾ ਜਾਵੇਗਾ। ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7:35 ‘ਤੇ ਉਡਾਣ ਭਰਕੇ 11:00 ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ‘ਤੇ ਇੱਥੋਂ ਰਵਾਨਾ ਹੋ ਕੇ ਸ਼ਾਮ 8:55 ‘ਤੇ ਵਾਪਸ ਕੁਆਲਾਲੰਪੁਰ ਪਹੁੰਚ ਜਾਵੇਗੀ। ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 ‘ਤੇ ਰਵਾਨਾ ਹੋ ਕੇ ਰਾਤ 11:50 ‘ਤੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਅਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਦੁਪਿਹਰ 1:00 ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ‘ਤੇ ਮਲੇਸ਼ੀਆ ਪੁੱਜੇਗੀ।

ਏਅਰਲਾਈਨ ਵੱਲੋਂ 12 ਬਿਜ਼ਨਜ਼ ਕਲਾਸ ਸੀਟਾਂ ਨਾਲ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਕੁਆਲਾਲੰਪੁਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਅਦ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ। ਯਾਤਰੀ ਬੈਂਕਾਕ, ਹਾਂਗਕਾਂਗ, ਬਾਲੀ ਤੇ ਹੋਰਨਾਂ ਟੁਰਿਸਟ ਸ਼ਹਿਰਾਂ ਵਾਸਤੇ ਵੀ ਬਹੁਤ ਹੀ ਥੋੜੇ ਸਮੇਂ ਵਿਚ ਕੁਆਲਾਲੰਪੁਰ ਰਾਹੀਂ ਏਅਰ-ਏਸ਼ੀਆ ਦੀਆਂ ਉਡਾਣਾਂ ਲੈ ਸਕਣਗੇ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈਬਸਾਈਟ ‘ਤੇ ਵੀ ਉਪਲੱਬਧ ਹੈ।

ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵੱਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫ਼ਤੇ ਵਿੱਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵੱਲੋਂ ਹਫ਼ਤੇ ਵਿੱਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ। ਇਨੀਸ਼ਿਏਟਿਵ ਵੱਲੋਂ ਇਹਨਾਂ ਉਡਾਣ ਸੇਵਾਵਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਏਅਰ ਏਸ਼ੀਆ ਐਕਸ ਦੇ ਸੀਈਓ ਬੈਨ ਇਸਮਾਇਲ ਅਤੇ ਭਾਰਤ ਵਿੱਚ ਜਨਰਲ ਮੈਨੇਜਰ ਸੁਰੇਸ਼ ਨਾਇਰ ਨਾਲ ਨਿਰੰਤਰ ਅੰਕੜੇ ਅਤੇ ਹੋਰ ਜਾਣਕਾਰੀ ਸਮੇਤ ਸੰਪਰਕ ਕੀਤਾ ਜਾ ਰਿਹਾ ਸੀ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿੱਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ। ਉੱਧਰ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਪਿਛਲੇ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੁਨੀਆ ਭਰ ਦੇ 10 ਸ਼ਹਿਰਾਂ ਨਾਲ ਜੁੜਿਆ ਹੈ ਜਿਸ ਵਿੱਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਦੋਹਾ, ਦੁਬਈ, ਸ਼ਾਰਜਾਹ, ਸਿੰਗਾਪੁਰ ਆਦਿ ਸ਼ਾਮਲ ਹਨ।