Punjab

ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 : ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

Rashtriya Bal Anand Mahautsav-2023 Completion

ਸੰਗਰੂਰ : ਲਹਿਰਾਗਾਗਾ ਵਿਖੇ ਸੀਬਾ ਕੈਂਪਸ ਵਿੱਚ ਚੱਲ ਰਿਹਾ ਦੇਸ਼ ਪੱਧਰੀ ਬਾਲ-ਮੇਲਾ ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸਫਲਤਾਪੂਰਵਕ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ। ਪੰਜਵੇ ਦਿਨ ਨੂੰ ਯਾਦਗਾਰੀ ਬਣਾਉਂਦਿਆਂ 20 ਸੂਬਿਆਂ ਦੀਆਂ ਟੀਮਾਂ ਨੇ ਡਾ. ਐਸ. ਐਨ. ਸੂਬਾ ਰਾਓ ਨੂੰ ਸਮਰਪਿਤ ਕੀਤੇ ਬਲਾਕ ‘ਚ ਪੌਦੇ ਲਾਏ। ਕੇਰਲਾ ਦੀ ਟੀਮ ਪੰਜਾਬ ਦੀ ਮਿੱਟੀ ਯਾਦਗਾਰ ਵਜੋਂ ਲੈ ਕੇ ਗਈ। ਅੰਤਿਮ ਸੈਸ਼ਨ ਦੌਰਾਨ ਹਰਿਆਣਾ, ਮੱਧ ਪ੍ਰਦੇਸ਼, ਕੇਰਲਾ, ਮਹਾਂਰਾਸ਼ਟਰ, ਬਿਹਾਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਨੇ ਆਪਣੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨ੍ਹਿਆ।

ਨੈਸ਼ਨਲ ਯੂਥ ਪ੍ਰੋਜੈਕਟ ਦੇ ਫਾਊਂਡਰ ਟਰੱਸਟੀ ਰਣ ਸਿੰਘ ਪਰਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਸੂਬਾ ਰਾਓ ਦੇ ਵਿਛੋੜੇ ਤੋੰ ਬਾਅਦ ਦੇਸ਼ ਪੱਧਰੀ ਬਾਲ-ਮੇਲੇ ਦਾ ਆਯੋਜਨ ਚੁਣੌਤੀ ਭਰਿਆ ਸੀ, ਪ੍ਰੰਤੂ ਜਿਸ ਤਰ੍ਹਾਂ ਪੰਜਾਬ ਨੇ ਮੇਜ਼ਬਾਨੀ ਕਰਕੇ ਇਸ ਬਾਲ-ਮੇਲੇ ਨੂੰ ਯਾਦਗਾਰੀ ਬਣਾਇਆ ਹੈ, ਅਸੀਂ ਡਾ. ਸੂਬਾ ਰਾਓ ਦੇ ਮਿਸ਼ਨ ਨੂੰ ਜਾਰੀ ਰੱਖਾਂਗੇ। ਮਹਾਂਰਾਸ਼ਟਰ ਤੋਂ ਆਏ ‘ਭਾਰਤ ਕੀ ਸੰਤਾਨ’ ਪ੍ਰੋਗਰਾਮ ਦੇ ਨਿਰਦੇਸ਼ਕ ਨਰਿੰਦਰ ਵਾਂਗਾਓਕਰ ਨੇ ਕਿਹਾ ਕਿ ਨਵੀਂ ਪੀੜ੍ਹੀ ਅੰਦਰ ਨਰੋਏ ਵਿਚਾਰਾਂ ਦੇ ਪਸਾਰ ਲਈ ਅਜਿਹੇ ਬਾਲ-ਮੇਲਿਆਂ ਦਾ ਆਯੋਜਨ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿਪੰਜਾਬ ਤੋਂ ਮਿਲਿਆ ਪਿਆਰ ਉਹਨਾਂ ਅੰਦਰ ਊਰਜਾ ਦਾ ਸੰਚਾਰ ਕਰਦਾ ਹੈ।

ਇਸ ਦੌਰਾਨ ਨੈਸ਼ਨਲ ਯੂਥ ਪ੍ਰੋਜੈਕਟ ਅਤੇ ਸੀਬਾ ਵੱਲੋਂ ਪ੍ਰਕਾਸ਼ਿਤ ਵਿਸ਼ੇਸ਼ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਸੀਬਾ ਅਤੇ ਬਾਲ-ਮੇਲੇ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਥੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਮਨਾਂ ਅੰਦਰ ਪਿਆਰ ਅਤੇ ਸਦਭਾਵਨਾ ਵਾਲੀ ਸੋਚ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਹੈ। ਵਿਸ਼ਵ ਸ਼ਾਂਤੀ ਲਈ ਜੈ-ਜਗਤ ਦਾ ਨਾਅਰਾ ਲਾਉਂਦੇ ਹੋਏ ਮਨੁੱਖਤਾ ਦੇ ਵਿਕਾਸ ਲਈ ਸਾਂਝੀਵਾਲਤਾ ਦੇ ਪਸਾਰ ਦਾ ਸੁਨੇਹਾ ਦਿੱਤਾ।

ਇਸ ਮੌਕੇ ਧਰਮਿੰਦਰ ਕੁਮਾਰ, ਵਿਨੈ ਗੁਪਤਾ, ਐਲ ਐਨ ਤਿਆਗੀ, ਆਰ ਐਸ ਅਗਰਵਾਲ, ਸੁਬੀਰ ਕੁਮਾਰ, ਸੁਨੀਤੀ ਬੈਨਰਜੀ, ਮਨੋਜ ਕੁਮਾਰ, ਮਹਿਰੂਫ ਮੁਹੰਮਦ, ਸਾਗਰ ਰੋਕੜੇ, ਹਰਦੇਵ ਗਾਰੂ, ਮਮਤਾ ਸ਼ਰਮਾ, ਨੀਲ ਸਾਂਗਵਾਨ, ਕੇ ਵੀ ਭਾਰਗਵ, ਰਾਜੇਸ਼ ਗਿਰੀ, ਪ੍ਰਦੀਪ ਮਾਪਕਰ, ਅਤੇ ਸ਼ੀਤਲ ਜੈਨ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ।