‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਈਰਾਨ ਦੇ ਸੈਨਿਕਾਂ ਅਤੇ ਤਾਲਿਬਾਨੀ ਲੜਾਕਿਆਂ ਦੇ ਵਿਚਾਲੇ ਅਫਗਾਨਿਸਤਾਨ-ਈਰਾਨ ਦੀ ਸਰਹੱਦ ’ਤੇ ਹਿੰਸਕ ਝੜਪ ਹੋ ਗਈ। ਹਾਲਾਂਕਿ ਕਿਸੇ ਦੀ ਮੌਤ ਦੀ ਕੋਈ ਖ਼ਬਰ ਨਹੀਂ ਹੈ। ਝੜਪ ਤੋਂ ਬਾਅਦ ਕਿਹਾ ਗਿਆ ਕਿ ਅਜਿਹਾ ਗਲਤਫਹਿਮੀ ਕਾਰਨ ਹੋਇਆ ਹੈ। ਇਸ ਘਟਨਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਜਿਸ ਵਿਚ ਤਾਲਿਬਾਨੀ ਲੜਾਕੇ ਹਥਿਆਰਾਂ ਦੇ ਨਾਲ ਦਿਖਾਈ ਦੇ ਰਹੇ ਹਨ। ਇਨ੍ਹਾਂ ਦੇ ਵਿਚਾਲੇ ਗੋਲੀਬਾਰੀ ਵੀ ਹੋਈ ਹੈ। ਤਾਲਿਬਾਨੀਆਂ ਨੂੰ ਜਵਾਬ ਦਿੰਦੇ ਹੋਏ ਈਰਾਨ ਵਲੋਂ ਗੋਲੇ ਦਾਗੇ ਗਏ।
ਈਰਾਨ ਦੀ ਨਿਊਜ਼ ਏਜੰਸੀ ਤਸਨੀਮ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਲੜਾਈ ਹਿਰਮੰਦ ਕਾਊਂਟੀ ਦੇ ਸ਼ਾਘਾਲਕ ਪਿੰਡ ਵਿਚ ਹੋਈ। ਈਰਾਨ ਦੇ ਇਸਲਾਮਿਕ ਰਿਵੌਲਿਊਸ਼ਨਰੀ ਗਾਰਡ ਨਾਲ ਜੁੜੀ ਤਸਨੀਮ ਏਜੰਸੀ ਨੇ ਕਿਹਾ ਕਿ ਤਸਕਰੀ ਦਾ ਮੁਕਾਬਲਾ ਕਰਨ ਦੇ ਲਈ ਅਫਗਾਨਿਸਤਾਨ ਦੇ ਨਾਲ ਲੱਗੀ ਸਰਹੱਦ ਦੇ ਕੋਲ ਈਰਾਨੀ ਖੇਤਰ ਵਿਚ ਕੰਧਾਂ ਖੜ੍ਹੀ ਕੀਤੀਆਂ ਗਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਈਰਾਨੀ ਕਿਸਾਨਾਂ ਨੇ ਕੰਧਾਂ ਪਾਰ ਕਰ ਲਈ ਸੀ ਲੇਕਿਨ ਉਹ ਫੇਰ ਵੀ ਈਰਾਨ ਦੀ ਸਰਹੱਦ ਦੇ ਅੰਦਰ ਹੀ ਸੀ, ਲੇਕਿਨ ਤਾਲਿਬਾਨੀ ਫੋਰਸ ਨੂੰ ਲੱਗਾ ਕਿ ਕਿਸਾਨ ਉਨ੍ਹਾਂ ਦੇ ਇਲਾਕੇ ਵਿਚ ਆ ਗਏ ਹਨ। ਜਿਸ ਦੇ ਚਲਦਿਆਂ ਉਨ੍ਹਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਈਰਾਨ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਤਾਲਿਬਾਨ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਤੋਂ ਬਾਅਦ ਲੜਾਈ ਖਤਮ ਹੋ ਗਈ। ਬਾਅਦ ਵਿਚ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜਾਦੇਹ ਨੇ ਬਿਆਨ ਵਿਚ ਤਾਲਿਬਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲਿਆਂ ਦੇ ਵਿਚ ਦੀ ਗਲਤਫਹਿਮੀ ਲੜਾਈ ਦਾ ਕਾਰਨ ਬਣੀ ਹੈ। ਇੱਕ ਵੀਡੀਓ ਵਿਚ ਕਥਿਤ ਤੌਰ ’ਤੇ ਤਾਲਿਬਾਨ ਫੋਰਸਾਂ ਨੂੰ ਈਰਾਨੀ ਖੇਤਰ ਅੰਦਰ ਦੇਖਿਆ ਗਿਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਤਾਲਿਬਾਨੀ ਲੜਾਕਿਆਂ ਨੇ ਕਈ ਚੌਕੀਆਂ ’ਤੇ ਕਬਜ਼ਾ ਕਰ ਲਿਆ। ਹਾਲਾਂਕਿ ਤਸਨੀਮ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ।