India International

ਔਮੀਕਰੌਨ ਅਮਰੀਕਾ ਸਣੇ 24 ਦੇਸ਼ਾਂ ਤੱਕ ਫੈਲਿਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਓਮੀਕਰੌਨ ਦੇ ਬਾਰੇ ਵਿਚ ਜਿਵੇਂ ਜਿਵੇਂ ਨਵੀਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਦੁਨੀਆ ਭਰ ਵਿਚ ਚਿੰਤਾ ਵਧਦੀ ਜਾ ਰਹੀ ਹੈ। ਵਧਦੀ ਦਹਿਸ਼ਤ ਦੇ ਵਿਚ ਕਈ ਦੇਸ਼ਾਂ ਦੁਆਰਾ ਯਾਤਰੀ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ ਅਤੇ ਉਡਾਣਾਂ ’ਤੇ ਰੋਕ ਲਗਾਈ ਜਾ ਰਹੀ ਹੈ। ਇਸ ਸਖ਼ਤੀ ਦੇ ਬਾਵਜੂਦ ਓਮੀਕਰੌਨ ਦੇ ਮਾਮਲੇ ਨਵੇਂ ਨਵੇਂ ਦੇਸ਼ਾਂ ਵਿਚ ਮਿਲ ਰਹੇ ਹਨ। ਓਮੀਕਰੌਨ ਵੈਰੀਅੰਟ ਦੇ ਮਾਮਲੇ ਵਾਲੇ ਦੇਸ਼ਾਂ ਵਿਚ ਹੁਣ ਅਮਰੀਕਾ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਂ ਵੀ ਜੁੜੇ ਗਏ ਹਨ। ਇਨ੍ਹਾਂ ਤਿੰਨ ਦੇਸ਼ਾਂ ਵਿਚ ਇੱਕ ਇੱਕ ਮਾਮਲਾ ਮਿਲਿਆ ਹੈ।ਵਿਸ਼ਵ ਸਿਹਤ ਸੰਗਠਨ ਨੇ ਇਸ ਦੀ 24 ਦੇਸ਼ਾਂ ਤੱਕ ਪੁੱਜਣ ਦੀ ਜਾਣਕਾਰੀ ਦਿੱਤੀ ਹੈ।

ਅਜੇ ਨਵੇਂ ਵੈਰੀਅੰਟ ਨੂੰ ਲੈ ਕੇ ਸੋਧ ਚਲ ਰਹੀ ਹੈ। ਸਪਾਈਕ ਪ੍ਰੋਟੀਨ ਵਿਚ ਬਦਲਾਅ ਨਾਲ ਇਹ ਤਾਂ ਮੰਨਿਆ ਜਾ ਰਿਹਾ ਕਿ ਇਹ ਕੋਰੋਨਾ ਦੇ ਇਸ ਤੋਂ ਪਹਿਲਾਂ ਦੇ ਸਾਰੇ ਵੈਰੀਅੰਟ ਤੋਂ ਜ਼ਿਆਦਾ ਖ਼ਤਰਨਾਕ ਹੈ, ਲੇਕਿਨ ਇਸ ਦੇ ਖਤਰਨਾਕ ਹੋਣ ਦੇ ਅਜੇ ਤੱਕ ਪੁਖਤਾ ਸਬੂਤ ਨਹੀਂ ਮਿਲੇ ਹਨ। ਜਿਸ ਨਾਲ ਕੁਝ ਰਾਹਤ ਮਿਲਦੀ ਹੈ। ਪ੍ਰੰਤੂ ਡੈਲਟਾ ਦੀ ਤਬਾਹੀ ਤੋਂ ਡਰੇ ਦੇਸ਼ ਪੂਰੀ ਚੌਕਸੀ ਵਰਤ ਰਹੇ ਹਨ। ਕਈ ਦੇਸ਼ਾਂ ਤੋਂ ਬਾਅਦ ਹੁਣ ਜਪਾਨ ਨੇ ਵੀ ਕੌਮਾਂਤਰੀ ਯਾਤਰਾ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਜਪਾਨ ਵਿਚ ਓਮੀਕਰੌਨ ਦਾ ਦੂਜਾ ਮਾਮਲਾ ਮਿਲਿਆ ਹੈ। ਇਹ ਵਿਅਕਤੀ ਕਤਰ ਹੁੰਦੇ ਹੋਏ ਪੇਰੂ ਤੋਂ ਆਇਆ ਸੀ। ਜਪਾਨ ਨੇ ਵਿਦੇਸ਼ੀ ਨਾਗਰਿਕਾਂ ਦੇ ਆਉਣ ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਕਈ ਹੋਰ ਦੇਸ਼ਾਂ ਨੇ ਵੀ ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲਿਆਂ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।

ਅਮਰੀਕੀ ਸਿਹਤ ਮਾਹਰ ਐਂਥਨੀ ਫੌਚੀ ਨੇ ਕਿਹਾ ਕਿ ਦੇਸ਼ ਵਿਚ ਓਮੀਕਰੌਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। 22 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਕੈਲੀਫੋਰਨੀਆ ਪਰਤੇ ਵਿਅਕਤੀ ਨੂੰ ਸੱਤ ਦਿਨ ਬਾਅਦ ਓਮੀਕਰੌਨ ਨਾਲ ਪੀੜਤ ਪਾਇਆ ਗਿਆ ਹੈ। ਇਹ ਵਿਅਕਤੀ ਵੈਕਸੀਨ ਦੀ ਦੋਵੇਂ ਡੋਜ਼ ਲੈ ਚੁੱਕਾ ਸੀ। ਉਸ ਵਿਚ ਵਾਇਰਸ ਦੇ ਹਲਕੇ ਲੱਛਣ ਮਿਲੇ ਹਨ ਅਤੇ ਉਸ ਨੂੰ ਕਵਾਰੰਟੀਨ ਵਿਚ ਰਹਿਣ ਲਈ ਕਿਹਾ ਗਿਆ ਹੈ।

ਸਾਊਦੀ ਅਰਬ ਨੇ ਵੀ ਬੁਧਵਾਰ ਨੂੰ ਕਿਹਾ ਕਿ ਉਸ ਦੇ ਇੱਥੇ ਓਮੀਕਰੌਨ ਦਾ ਪਹਿਲਾ ਮਾਮਲਾ ਮਿਲਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬਰਾਜ਼ੀਲ ਨੇ ਅਪਣੇ ਇੱਥੇ ਇਸ ਨਵੇਂ ਵੈਰੀਅੰਟ ਦਾ ਪਹਿਲਾ ਕੇਸ ਮਿਲਣ ਦੀ ਪੁਸ਼ਟੀ ਕੀਤੀ ਸੀ। ਡਬਲਿਊਐਚਓ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਓਮੀਕਰੌਨ ਹੁਣ ਤੱਕ ਘੱਟ ਤੋਂ ਘੱਟ 24 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਨਾਂ ਨਹੀਂ ਦੱਸੇ। ਉਨ੍ਹਾਂ ਨੇ ਇਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਧਣ ਦਾ ਖਦਸ਼ਾ ਵੀ ਜਤਾਇਆ।