Punjab

ਫਿਰੋਜ਼ਪੁਰ ਤੋਂ ICICI ਬੈਂਕ ਨੂੰ ਲੈਕੇ ਮਾੜੀ ਖ਼ਬਰ ! ਬੈਂਕ ਦੇ ਬਾਹਰ ਲੱਗੀਆਂ ਲਾਈਨਾਂ !

ਬਿਉਰੋ ਰਿਪੋਰਟ : ਫਿਰੋਜ਼ਪੁਰ ਵਿੱਚ 15 ਕਰੋੜ ਤੋਂ ਵੱਧ ਬੈਂਕ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਹ ਫਰਾਡ ਕਿਸੇ ਹੋਰ ਨਾਲ ਨਹੀਂ ਬਲਕਿ ICICI ਬੈਂਕ ਦੇ ਨਾਲ ਹੋਇਆ ਹੈ । ਬੈਂਕ ਦੇ ਖਾਤੇ ਤੋਂ 15 ਕਰੋੜ 47 ਲੱਖ ਆਨ ਲਾਈਨ ਧੋਖਾਧੜੀ ਦੇ ਨਾਲ ਕੱਢ ਲਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਸਾਫਟਵੇਅਰ ਨਾਲ ਛੇੜਖਾਨੀ ਕਰਕੇ ਪੈਸੇ ਕੱਢੇ ਗਏ ਹਨ । ਜਦੋਂ ਬੈਂਕ ਨੂੰ ਇਸ ਧੋਖਾਧੜੀ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ । ਫੌਰਨ ਚੰਡੀਗੜ੍ਹ ਦੇ ਸਾਇਬਰ ਸੈੱਲ ਨੂੰ ਸ਼ਿਕਾਇਤ ਕੀਤੀ ਗਈ ਹੈ । ਜਿਸ ਤੋਂ ਬਾਅਦ ਮੁੱਢਲੀ ਜਾਂਚ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ FIR ਦਰਜ ਕਰ ਲਈ ਹੈ ।

ਸਾਫਟਵੇਅਰ ਨਾਲ ਛੇੜਖਾਨੀ ਕਿਸ ਨੇ ਕੀਤੀ ਹੈ ਇਸ ਬਾਰੇ ਹੁਣ ਤੱਕ ਪਤਾ ਨਹੀਂ ਚੱਲ ਰਿਹਾ ਹੈ । ਕੀ ਇਸ ਵਿੱਚ ਕੋਈ ਬਰਾਂਚ ਜਾਂ ਬੈਂਕ ਦਾ ਮੁਲਾਜ਼ਮ ਸ਼ਾਮਲ ਸੀ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ । ਪਰ ਜਦੋਂ ਤੋਂ ਫਿਰੋਜ਼ਪੁਰ ਦੇ ICICI ਖਾਤਾ ਧਾਰਕਾਂ ਨੂੰ ਇਸ ਫਰਾਡ ਦੇ ਬਾਰੇ ਜਾਣਕਾਰੀ ਮਿਲੀ ਹੈ ਬੈਂਕ ਵਿੱਚ ਗਾਹਕ ਪਹੁੰਚਣੇ ਸ਼ੁਰੂ ਹੋ ਗਏ ਹਨ । ਹਰ ਕੋਈ ਆਪਣਾ ਅਕਾਉਂਟ ਵੇਖਣਾ ਚਾਹੁੰਦਾ ਹੈ ਕਿ ਉਸ ਦੇ ਖਾਤੇ ਤੋਂ ਪੈਸੇ ਤਾਂ ਨਹੀਂ ਨਿਕਲੇ ਹਨ । ਹੁਣ ਤੱਕ ਬੈਂਕ ਨੇ ਇਹ ਵੀ ਸਾਫ ਨਹੀਂ ਕੀਤਾ ਹੈ ਕਿ 15 ਕਰੋੜ 47 ਲੱਖ ਗਾਹਕਾਂ ਦੇ ਖਾਤੇ ਤੋਂ ਡਾਇਰੈਕ ਨਿਕਲੇ ਹਨ ਜਾਂ ਫਿਰ ਬੈਂਕ ਦੇ ਕਿਸੇ ਖਾਤੇ ਤੋਂ ਪੈਸੇ ਆਨ ਲਾਈਨ ਕੱਢੇ ਗਏ ਹਨ । ਹੁਣ ਤੱਕ ਸਿਰਫ਼ ਇਹ ਹੀ ਦੱਸਿਆ ਜਾ ਰਿਹਾ ਕਿ ਕਿਸੇ ਅਣਪਛਾਤੇ ਸ਼ਖਸ ਨੇ ਠੱਗੀ ਕੀਤੀ ਹੈ । ਪੈਸੇ ਕਿਸ ਖਾਤੇ ਵਿੱਚ ਟਰਾਂਸਫਰ ਹੋਏ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਬੈਂਕ ਖਾਤਾ ਧਾਰਨ ਇਸ ਦਾ ਖਿਆਲ ਰੱਖਣ

RBI ਅਤੇ ਬੈਂਕ ਵੱਲੋਂ ਵੀ ਵਾਰ-ਵਾਰ ਬੈਂਕ ਧਾਰਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਉਹ ਆਪਣਾ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰਨ ਨਾ ਹੀ ਕਾਰਡ ‘ਤੇ ਲਿਖਿਆ CVC ਨੰਬਰ ਕਿਸੇ ਨੂੰ ਦੇਣ। ਸਿਰਫ਼ ਇਨ੍ਹਾਂ ਹੀ ਨਹੀਂ ਬੈਂਕ ਵੱਲੋਂ ਇਹ ਵੀ ਦੱਸਿਆ ਜਾਂਦਾ ਕਿ ਤੁਸੀਂ ਵਾਰ-ਵਾਰ ਆਪਣਾ ਪਾਸਵਰਡ ਬਦਲੋ ਅਤੇ ਮਜ਼ਬੂਤ ਪਾਸਵਰਡ ਰੱਖੋ। ਮਜ਼ਬੂਤ ਪਾਸਵਰਡ ਤੋਂ ਮਨਤਬ ਹੈ ਕਿ ਤੁਸੀਂ ਆਪਣਾ ਜਨਮ ਦਿਨ ਜਾਂ ਫਿਰ ਕਿਸੇ ਅਜਿਹੀ ਚੀਜ਼ ਨੂੰ ਪਾਸਵਰਡ ਵਿੱਚ ਸ਼ਾਮਲ ਨਾ ਕਰੋ ਜਿਸ ਨੂੰ ਅਸਾਨੀ ਨਾਲ ਠੱਗ ਲੱਭ ਲੈਣ । ATM ਤੋਂ ਪੈਸਾ ਕੱਢਵਾਉਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਆਲੇ-ਦੁਆਲੇ ਕੋਈ ਨਾ ਹੋਵੇ,ਪੈਸੇ ਕੱਢਵਾਉਣ ਤੋਂ ਬਾਅਦ ਕਲੀਅਰ ਦਾ ਬਟਨ ਦਬਾਕੇ ਪਾਸਵਰਡ ਕਲੀਅਰ ਕਰੋ । ਜੇਕਰ ਤੁਸੀਂ ਸ਼ਾਪਿੰਗ ਦੇ ਲਈ ਆਪਣਾ ਕਾਰਡ ਦੇ ਰਹੇ ਹੋ ਤਾਂ ਧਿਆਨ ਰੱਖੋਂ ਕੋਈ ਸਕੈਨਰ ਤਾਂ ਨਹੀਂ ਲਗਿਆ ਹੈ, ਦੁਕਾਨਦਾਰ ਵਾਰ-ਵਾਰ ਤੁਹਾਡਾ ਕਾਰਡ ਸਕੈਨ ਤਾਂ ਨਹੀਂ ਕਰ ਰਿਹਾ ਹੈ। ਅੱਜ ਕੱਲ ਵਾਈਫਾਈ ATM ਕਾਰਡ ਵੀ ਬੈਂਕਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ ਜਿਸ ਵਿੱਚ ਤੁਸੀਂ ਬਿਨਾਂ ਪਾਸਵਰਡ ਦੇ ਸ਼ਾਪਿੰਗ ਕਰ ਸਕਦੇ ਹੋ । ਪਰ ਤੁਸੀਂ ਬੈਂਕ ਨੂੰ ਕਹਿਕੇ ਉਸ ਤੇ ਪਾਸਵਰਡ ਲਗਵਾਉ ਤਾਂਕੀ ਕਾਰਡ ਜੇਕਰ ਗਵਾਚ ਜਾਂਦਾ ਹੈ ਤਾਂ ਕੋਈ ਵੀ ਉਸ ਦੀ ਦੁਰਵਰਤੋਂ ਨਾ ਕਰੇ । ਜੇਕਰ ਤੁਹਾਨੂੰ ਕੋਈ ਫੋਨ ਕਰਕੇ ਇਹ ਕਹਿੰਦਾ ਹੈ ਕਿ KYC ਦੇ ਲਈ ਆਪਣੀ ਡਿਟੇਲ ਦਿਉ ਨਹੀਂ ਤਾਂ ਤੁਹਾਡਾ ਖਾਤਾ ਸੀਲ ਹੋ ਜਾਵੇਗਾ ਤਾਂ ਬਿਲਕੁਲ ਵੀ ਨਾ ਦਿਉ,ਅਜਿਹੇ ਕਈ ਫੋਨ ਲੋਕਾਂ ਨੂੰ ਆ ਰਹੇ ਹਨ । ਅਜਿਹਾ ਕਰਨ ‘ਤੇ ਵੱਡੇ-ਵੱਡੇ ਲੋਕਾਂ ਦੇ ਖਾਤੇ ਖਾਲੀ ਹੋ ਰਹੇ ਹਨ । ਜੈਕੀ ਸ਼ਰਾਫ,ਆਫਤਾਫ ਸ਼ਿਵਦਿਸਾਨੀ ਅਤੇ ਅਨੂੰ ਕਪੂਰ ਵਰਗੇ ਬਾਲੀਵੁੱਡ ਦੇ ਸਿਤਾਰੇ ਵੀ ਇਸੇ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ।