Punjab

ਸਿੱਧੂ ਮੂਸੇਵਾਲਾ ਦੀ ਥਾਰ ‘ਤੇ ਪੰਜਾਬ ਦੀਆਂ ਸੜਕਾਂ ‘ਤੇ ਘੁੰਮਣਗੇ ਪਿਤਾ

Father will roam on the streets of Punjab on Sidhu Moosewala's Thar

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤਰ ਦੇ ਇਨਸਾਫ ਦੀ ਲੜਾਈ ਲਗਾਤਾਰ ਲੜ ਰਹੇ ਹਨ। ਇਸੇ ਦੌਰਾਨ ਪਿੰਡ ‘ਚ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗੀ ਥਾਰ ਦੀ ਤਸਵੀਰ ਲੱਗਾ ਕੇ ਸੜਕਾਂ ‘ਤੇ ਘੁੰਮਣ ਬਾਰੇ ਦੱਸਿਆ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਕਾਰ ਦਾ ਸ਼ੀਸ਼ਾ ਨਹੀਂ ਲਗਵਾਇਆ ਹੈ। ਉਹ ਗੋਲੀਆਂ ਲੱਗੀ ਥਾਰ ਨਾਲ ਸਣੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਕਾਰ ਵਿੱਚ ਘੁੰਮੇਗਾ ਅਤੇ ਲੋਕਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਦੱਸੇਗਾ।

ਉਨ੍ਹਾਂ ਨੇ ਕਿਹਾ ਕਿ ਪੁੱਤ ਦੇ ਕਤਲ ਨੂੰ 10 ਮਹੀਨਿਆਂ ਦਾ ਸਮਾਂ ਹੋਣ ਵਾਲਾ ਹੈ, ਪਰ ਅਜੇ ਤੱਕ ਅਸਲੀ ਕਾਤਲਾਂ ਦਾ ਪਤਾ ਨਹੀਂ ਲੱਗਿਆ ਜਦਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਹੀ ਦੱਸਿਆ ਜਾ ਰਿਹਾ ਹੈ। ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਲਈ 40-40 ਸੁਰੱਖਿਆ ਜਵਾਨ ਜੈਮਰ ਸਣੇ ਲਾਉਣ ਦੇ ਹੁਕਮ ਦਿੱਤੇ ਹਨ। ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਵਧੀਆ ਹੈ ਤਾਂ ਤੁਸੀਂ ਆਪਣੀ ਪਤਨੀ ਨੂੰ 40-40 ਗੰਨਮੈਨ ਅਤੇ ਜੈਮਰ ਕਿਉਂ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪੁੱਤ ਦੀ ਪਹਿਲੀ ਬਰਸੀ ਮਨਾਉਣ ਜਾ ਰਹੇ ਹਨ ਅਤੇ ਸਰਕਾਰਾਂ ਤੋਂ ਜਦੋਂ ਇਨਸਾਫ਼ ਦੀ ਆਸ ਨਾ ਰਹੀ ਤਾਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਨਿਆਂ ਲੈਣ ਲਈ ਸੜਕਾਂ ’ਤੇ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਗੋਲੀਆਂ ਨਾਲ ਛਲਣੀ ਕੀਤੀ ‘ਥਾਰ’ ਉਤੇ ਰੱਖ ਕੇ ਸੜਕਾਂ ’ਤੇ ਘੁੰਮਣਗੇ।

ਉਨ੍ਹਾਂ ਨੇ ਸਵਾਲ ਕੀਤਾ ਕਿ ਉਸ ਦੇ ਪੁੱਤ ਨੂੰ ਮਾਰਨ ਲਈ ਕਰੋੜਾਂ ਦੇ ਹਥਿਆਰ ਕਿਸ ਨੇ ਲੈ ਕੇ ਦਿੱਤੇ ਅਤੇ ਲਾਰੈਂਸ ਬਿਸ਼ਨੋਈ ਸਮੇਤ ਗੋਲਡੀ ਬਰਾੜ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਅਖ਼ਬਾਰਾਂ ਤੇ ਸੋਸ਼ਲ ਮੀਡੀਆ ’ਤੇ ਲਈ, ਜਿਸ ਤੋਂ ਵੱਡੇ ਪੁਲਿਸ ਕੋਲ ਹੋਰ ਕੀ ਸਬੂਤ ਹੋ ਸਕਦੇ ਹਨ।