ਪਟਿਆਲਾ ਰੋਡ ’ਤੇ ਇਕ ਸੜਕ ਹਾਦਸੇ ਵਾਪਰਿਆ ਜਿਸ ਵਿੱਚ ਪਿਓ ਪੁੱਤਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਮਾਤਮ ਛਾ ਗਿਆ ਹੈ। ਹਾਦਸਾ ਉਸ ਵੇਲੇ ਹੋਇਆ ਜਦ ਪਟਿਆਲਾ ਰੋਡ ’ਤੇ ਇਕ ਧਾਰਮਿਕ ਪ੍ਰੋਗਰਾਮ ਵਿੱਚ ਲੰਗਰ ਖਾਣ ਤੋਂ ਬਾਅਦ ਪਿਓ ਪੁੱਤਰ ਸੜਕ ਪਾਰ ਕਰ ਰਹੇ ਸੀ।
ਪਿਓ ਨੇ ਆਪਣੇ ਸੱਤ ਸਾਲਾ ਦੇ ਲੜਕੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਜਿਸ ਦੌਰਾਨ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ 40 ਸਾਲਾ ਦੇਸ਼ ਰਾਜ ਅਤੇ ਉਸ ਦੇ ਸੱਤ ਸਾਲਾ ਦੇ ਲੜਕੇ ਆਵੇਸ਼ ਦੇ ਰੂਪ ਵਿੱਚ ਹੋਈ ਹੈ।
ਮ੍ਰਿਤਕ ਪਿਓ ਪੁੱਤਰ ਦੇ ਪਿੱਛੇ ਆ ਰਹੀ ਉਸਦੀ ਪਤਨੀ ਤੇਜਵਤੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਮਿਹਨਤ ਮਜਦੂਰੀ ਕਰਦਾ ਹੈ ਅਤੇ ਪਿੰਡ ਖਿਜਰਾਬਾਦ ਵਿਖੇ ਹਰਪਾਲ ਸਿੰਘ ਦੀ ਮੋਟਰ ’ਤੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਦੋਵੇਂ ਪਤੀ ਪਤਨੀ ਆਪਣੇ ਸੱਤ ਸਾਲਾ ਦੇ ਲੜਕੇ ਨਾਲ ਪਟਿਆਲਾ ਰੋਡ ’ਤੇ ਲੱਗੇ ਲੰਗਰ ਖਾਣ ਲਈ ਆਏ ਸੀ। ਲੰਗਰ ਖਾਣ ਮਗਰੋਂ ਜਦ ਉਹ ਤਿੰਨੇ ਜਣੇ ਸੜਕ ਪਾਰ ਕਰ ਰਹੇ ਸੀ ਤਾਂ ਉਸ ਦੇ ਪਤੀ ਨੇ ਲੜਕੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਜਦਕਿ ਉਹ ਪਿੱਛੇ ਚਲ ਸੀ।
ਇਸੇ ਦੌਰਾਨ ਪਟਿਆਲਾ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਇਕ ਹੋਂਡਾ ਸਿਟੀ ਕਾਰ ਦੇ ਚਾਲਕ ਨੇ ਅੱਗੇ ਜਾ ਰਹੇ ਉਸ ਦੇ ਪਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦਾ ਪਤੀ ਅਤੇ ਗੋਦੀ ਵਿੱਚ ਚੁੱਕਿਆ ਲੜਕਾ ਹਵਾ ਵਿੱਚ ਉੱਛਲ ਕੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ।
ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਜਾਂਚ ਮਗਰੋਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਕਾਰ ਚਾਲਕ ਯੁਵਰਾਜ ਸਿੰਘ ਵਾਸੀ ਪਿੰਡ ਢਾਕੀ ਜ਼ਿਲ੍ਹਾ ਪਠਾਨਕੋਟ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।