’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਮੁੱਦੇ ਹੱਲ ਕਰਨ ਲਈ ਗੱਲਬਾਤ ਦਾ ਸੱਦਾ ਦੇ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਹੀ ਮੰਤਰੀ ਕਿਸਾਨਾਂ ਲਈ ਮੰਦੇ ਸ਼ਬਦ ਬੋਲ ਰਹੇ ਹਨ। ਕਰਨਾਟਕ ਦੇ ਖੇਤੀਬਾੜੀ ਮੰਤਰੀ ਬੀਸੀ ਪਾਟਿਲ ਨੇ ਕਿਸਾਨਾਂ ਬਾਰੇ ਕਿਹਾ ਹੈ ਕਿ ਉਹ ਡਰਪੋਕ ਹਨ, ਪਤਨੀ ਤੇ ਬੱਚਿਆਂ ਦੀ ਦੇਖਭਾਲ ਨਹੀਂ ਹੁੰਦੀ ਤਾਂ ਉਹ ਖ਼ੁਦਕੁਸ਼ੀ ਕਰ ਲੈਂਦੇ ਹਨ।
ਉਨ੍ਹਾਂ ਦੇ ਇਸ ਬਿਆਨ ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਉਹ ਕਹਿੰਦੇ ਹਨ ਕਿ ਕਿਸਾਨ ਡਰਪੋਕ ਹੋਣ ਕਰਕੇ ਖ਼ੁਦਕੁਸ਼ੀਆਂ ਕਰਦੇ ਹਨ। ਪਾਟਿਲ ਨੇ ਕਿਹਾ, ‘ਜੋ ਕਿਸਾਨ ਖ਼ੁਦਕੁਸ਼ੀ ਕਰਦੇ ਹਨ ਉਹ ਡਰਪੋਕ ਹੁੰਦੇ ਹਨ। ਸਿਰਫ਼ ਡਰਪੋਕ, ਜੋ ਆਪਣੀ ਪਤਨੀ ਅਤੇ ਬੱਚਿਆਂ ਦਾ ਖ਼ਿਆਲ ਨਹੀਂ ਰਖ ਸਕਦੇ, ਖ਼ੁਦਕੁਸ਼ੀ ਕਰਦੇ ਹਨ। ਜਦੋਂ ਅਸੀਂ ਪਾਣੀ ’ਚ ਡੁੱਬ ਜਾਂਦੇ ਹਨ ਤਾਂ ਸਾਨੂੰ ਬਾਹਰ ਨਿਕਲਣ ਲਈ ਹੱਥ-ਪੈਰ ਤਾਂ ਮਾਰਨੇ ਪੈਂਦੇ ਹਨ।’ ਦੱਸ ਦੇਈਏ ਪਾਟਿਲ ਕਰਨਾਟਕ ਦੇ ਕੋਦਾਗੂ ਜ਼ਿਲ੍ਹੇ ’ਚ ਪੋਨਾਮਪਤ ਵਿਖੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।
ਪੋਨਾਮਪਤ ਦੇ ਬਾਂਸ ਉਤਪਾਦਕ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਜੇਪੀ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦਾ ਕਾਰੋਬਾਰ ਬਹੁਤ ਲਾਭਦਾਇਕ ਹੁੰਦਾ ਹੈ ਪਰ ਕੁੱਝ ਡਰਪੋਕ ਇਸ ਨੂੰ ਸਮਝ ਨਹੀਂ ਸਕਦੇ ਅਤੇ ਖ਼ੁਦਕੁਸ਼ੀ ਕਰ ਲੈਂਦੇ ਹਨ। ਆਪਣੇ ਗੱਲ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਇੱਕ ਔਰਤ ਕਿਸਾਨ ਦੀ ਉਦਾਹਰਣ ਦਿੱਤੀ ਜਿਸ ਨੇ ਹੱਥਾਂ ’ਚ ਸੋਨੇ ਦੀਆਂ ਚੂੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜੇ ਇੱਕ ਔਰਤ ਸਿਰਫ਼ ਖੇਤੀਬਾੜੀ ਤੋਂ ਕਮਾਈ ਕਰ ਕੇ ਏਨੀ ਵੱਡੀ ਪ੍ਰਾਪਤ ਕਰ ਸਕਦੀ ਹੈ ਤਾਂ ਹੋਰ ਕਿਸਾਨ ਕਿਉਂ ਨਹੀਂ।
ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਕਰਨਾਟਕ ਕਾਂਗਰਸ ਦੇ ਬੁਲਾਰੇ ਵੀਐਸ ਉਗਰੱਪਾ ਨੇ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੀ ਕਿਸਾਨ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਹੈ।
ਉਗਰੱਪਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਕਿਸਾਨ ਆਖ਼ਰ ਖ਼ੁਦਕੁਸ਼ੀਆਂ ਕਿਉਂ ਕਰਦੇ ਹਨ। ਕੋਈ ਕਿਸਾਨ ਆਪਣੀ ਜਾਨ ਨਹੀਂ ਲੈਣਾ ਚਾਹੁੰਦਾ। ਹੜ੍ਹਾਂ ਅਤੇ ਸੋਕੇ ਵਰਗੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਬਾਰੇ ਅਜੇ ਤਕ ਸਮਝਿਆ ਨਹੀਂ ਜਾ ਸਕਿਆ ਹੈ ਅਤੇ ਹੱਲ ਨਹੀਂ ਹੋਏ ਹਨ। ਸਮੱਸਿਆ ਦੀ ਜੜ੍ਹ ਤਕ ਜਾਣ ਦੀ ਬਜਾਏ ਮੰਤਰੀ ਜੀ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ।