ਬਿਉਰੋ ਰਿਪੋਰਟ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ। ਦੋਵਾਂ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਸੈਕਟਰ 34 ਵਿੱਚ ਪੰਜ ਰੋਜ਼ਾ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਸ਼ੁਰੂ ਕੀਤਾ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਸੀ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਵਿਧਾਨ ਸਭਾ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਟਕਾ ਚੌਂਕ ਤੱਕ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ। ਕਿਸਾਨਾਂ ਮਜ਼ਦੂਰਾਂ ਦਾ ਜਥਾ ਕਰੀਬ ਸ਼ਾਮ ਪੰਜ ਵਜੇ ਮਟਕਾ ਚੌਂਕ ਪਹੁੰਚਿਆ।
ਮਟਕਾ ਚੌਂਕ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਲੀਡਰਾਂ ਕੋਲੋਂ ਮੰਗ ਪੱਤਰ ਲਿਆ ਅਤੇ ਇਹ ਐਲਾਨ ਕੀਤਾ ਕਿ, ਮੈਂ ਕਿਸਾਨਾਂ ਦਾ ਵਕੀਲ ਬਣ ਕੇ ਸਰਕਾਰ ਤੱਕ ਗੱਲ ਪਹੁੰਚਾਊਂਗਾ। ਮੰਗ ਪੱਤਰ ਲੈਣ ਮਗਰੋਂ ਮੰਤਰੀ ਖੁੱਡੀਆਂ ਨੇ ਕਿਹਾ ਕਿ ਉਹ ਪੰਜਾਬ ਦੇ ਸੀਐੱਮ ਭਗਵੰਤ ਮਾਨ ਤੱਕ ਕਿਸਾਨਾਂ ਦੀਆਂ ਮੰਗਾਂ ਪਹੁੰਚਾਉਣਗੇ ਅਤੇ ਇਨ੍ਹਾਂ ਮੰਗਾਂ ਤੇ ਨਜ਼ਰਸਾਨੀ ਕਰਕੇ, ਇਨ੍ਹਾਂ ਦਾ ਵਾਰੋ-ਵਾਰੀ ਹੱਲ ਕਰਵਾਇਆ ਜਾਵੇਗਾ। ਖੇਤੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਕਿਸਾਨ ਸਾਡੇ ਪੰਜਾਬ ਦੇ ਹਨ, ਸਾਡੇ ਭਰਾ ਹਨ ਅਤੇ ਖੇਤੀ ਖਾਤਰ ਲੜ ਰਹੇ ਹਨ, ਸਾਡੀ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਾਂਗੇ।
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੰਗ ਪੱਤਰ ਲੈਣ ਤੋਂ ਬਾਅਦ ਕਿਹਾ ਕਿ ਕਿਸਾਨਾਂ ਨੇ ਬੜੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਆਪਣੇ ਪਿੰਡੇ ’ਤੇ ਹੰਡਾਇਆ ਤੇ ਸਰਕਾਰ ਅੱਗੇ ਵੀ ਕਿਸਾਨੀ ਮੰਗਾਂ ਰੱਖੀਆਂ। ਸੰਘਰਸ਼ ਕਰਨ ਨੂੰ ਕਿਸੇ ਦਾ ਵੀ ਜੀਅ ਨਹੀਂ ਕਰਦਾ , ਪਰ ਜਦੋਂ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਲੋੜ ਪੈਂਦੀ ਹੈ ਤਾਂ ਉਦੋਂ ਸੰਘਰਸ਼ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਚਾਹੇ ਖੇਤੀ ਮੰਤਰੀ ਹਾਂ, ਪਰ ਮੈਂ ਇਨ੍ਹਾਂ ਹਾਲਾਤਾਂ ਵਿੱਚੋਂ ਨਿੱਕਲਿਆ ਹਾਂ। ਮੈਂ ਸੀਐਮ ਮਾਨ ਤੱਕ ਇਹ ਮੰਗ ਪੱਤਰ ਪਹੁੰਚਾਵਾਂਗਾ। ਇਹ ਕਿਸਾਨ ਸਾਡੇ ਭਰਾ ਹਨ। ਮੈਂ ਵਕੀਲ ਬਣ ਕੇ ਕਿਸਾਨਾਂ ਦੀ ਗੱਲ ਸਰਕਾਰ ਅੱਗੇ ਰੱਖੂੰਗਾ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਿਸਾਨਾਂ ਦੀਆਂ ਮੰਗਾਂ ਵਿਚਾਰੀਆਂ ਜਾਣਗੀਆਂ ਤੇ ਫਿਰ ਕਿਸਾਨਾਂ ਨੂੰ ਜਵਾਬ ਦਿੱਤਾ ਜਾਵੇਗਾ।