‘ਦ ਖ਼ਾਲਸ ਟੀਵੀ ਬਿਊਰੋ:- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਦਿੱਲੀ ਮੁੱਖ ਰੇਲ ਮਾਰਗ ਦੇਵੀਦਾਸ ਪੂਰਾ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜਿਲ੍ਹਿਆਂ ਵਿੱਚ 20 ਥਾਵਾਂ ਤੇ ਰੇਲਾਂ ਲੱਖਾਂ ਕਿਸਾਨਾਂ,ਮਜਦੂਰਾਂ, ਬੀਬੀਆਂ ਨੇ ਕੀਤੀਆਂ ਜਾਮ, ਅਜੇ ਮਿਸ਼ਰਾ ਨੂੰ ਭੇਜਿਆ ਜਾਵੇ ਜੇਲ,ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਮਜਦੂਰਾਂ ਤੋ ਵੱਡੀ ਨਹੀਂ,ਅੱਜ ਦਾ ਰੇਲ ਰੋਕੋ ਸਰਕਾਰ ਦੀਆਂ ਜੜ੍ਹਾਂ ਪੁੱਟੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਸਿੰਘੁ ਬਾਰਡਰ ਤੇ ਵਾਪਰੀ ਘਟਨਾ ਉੱਤੇ ਰਾਜਨੀਤੀ ਕਰ ਰਹੀ ਹੈ। ਜੋ ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ, ਉਸ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਲਖੀਮਪੁਰ ਕਤਲ ਕਾਂਡ ਦੀ ਘਟਨਾ ਦੇ 120ਬੀ ਕੇਸ ਵਿਚ ਦੋਸ਼ੀ ਹੈ।ਉਸ ਉੱਤੇ ਨਾ ਕਰਵਾਈ ਹੋ ਰਹੀ ਹੈ ਅਤੇ ਨਾਂ ਹੀ ਮੰਤਰੀ ਮੰਡਲ ਤੋ ਅਸਤੀਫਾ ਲਿਆ ਜਾ ਰਿਹਾ ਹੈ। ਉਲਟਾ ਉਹ ਗਵਾਹਾਂ ਉੱਤੇ ਦਬਾਅ ਬਣਾ ਰਹੇ ਹਨ ਕਿ ਬਿਆਨ ਦਰਜ ਨਾ ਕਰਵਾਉਣ ਤਾਂ ਜੋ ਕੇਂਦਰੀ ਮੰਤਰੀ ਨੂੰ ਬਚਾਇਆ ਜਾ ਸਕੇ।ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ। ਜਿਸ ਨੂੰ ਅਨਾਜ ਸਮੇਤ ਦੇਸ਼ ਦੇ ਜਨਤਕ ਸਾਧਨਾਂ ਉੱਤੇ ਅੰਬਾਨੀ, ਅਡਾਨੀ ਦਾ ਕਬਜਾ ਹੋਣ ਨਾਲ ਮਹਿੰਗਾਈ ਸਿਖਰਾਂ ਤੇ ਪਹੁੰਚ ਜਾਵੇਗੀ।

ਜਿਵੇਂ ਪਿਛਲੇ ਦੋ ਹਫ਼ਤਿਆਂ ਵਿੱਚ ਪੈਟਰੋਲ,ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ ਕਿਉਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਬਜੇ ਹੇਠ ਹੈ। ਰਸੋਈ ਵਿੱਚ ਵਰਤੋ ਦੀਆਂ ਵਸਤਾਂ ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਦੇ ਅਡਾਨੀ ਨੇ ਪਹਿਲਾਂ ਹਿਮਾਚਲ ਦੇ ਸੇਬ ਨੂੰ ਲੁੱਟਿਆ ਹੈ ਤੇ ਹੁਣ ਦੇਸ਼ ਦੇ ਖੇਤੀ ਸੈਕਟਰ ਉੱਤੇ ਕਬਜਾ ਕਰਕੇ ਲੁੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਕਿਸਾਨੀ ਖੇਤਰ ਵਿੱਚ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਰਹੇ ਕਿਸਾਨ ਹੁਣ ਗੰਢੇ ਅਤੇ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੱਡੇ ਪੱਧਰ ਉੱਤੇ ਖ਼ੁਦਕੁਸ਼ੀਆਂ ਕਰ ਰਹੇ ਹਨ।ਦੇਸ਼ ਦੀ ਅਜਿਹੀ ਮੋਦੀ ਹਕੂਮਤ ਨੂੰ ਲੋਕ ਸੱਤਾ ਤੋ ਬਾਹਰ ਦਾ ਰਸਤਾ ਵਿਖਾਉਣਗੇ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਉਣ ਸਮੇਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ।