‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਦਰਸ਼ਨਪਾਲ ਨੇ ਸੰਯੁਕਤ ਕਿਸਾਨ ਮੋਰਚਾ ਵੱਲ਼ੋਂ ਸਾਰੇ ਲੋਕਾਂ ਨੂੰ ਦਿੱਲੀ ਬਾਰਡਰਾਂ ‘ਤੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ। ਇਸਦਾ ਕਾਰਨ ਦੱਸਦਿਆਂ ਦਰਸ਼ਨਪਾਲ ਨੇ ਕਿਹਾ ਕਿ ਮੋਨਿਕਾ ਅਗਰਵਾਲ ਨਾਂ ਦੀ ਇੱਕ ਔਰਤ ਵੱਲੋਂ ਦਿੱਲੀ ਬਾਰਡਰਾਂ ਦੇ ਰਸਤੇ ਖੁੱਲ੍ਹਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਦੀ ਸੁਣਵਾਈ 20 ਅਕਤੂਬਰ ਨੂੰ ਹੋਣੀ ਹੈ। ਉਸ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਅੰਦੋਲਨ ਵਾਲੇ ਰਸਤਿਆਂ ਨੂੰ ਖੋਲ੍ਹਣ ਸਬੰਧੀ ਫੈਸਲਾ ਲੈਣਾ ਹੈ। ਇਸ ਲਈ ਜ਼ਿਆਦਾ ਲੋਕ ਬਾਰਡਰਾਂ ‘ਤੇ ਇਕੱਠਾ ਹੋਣ ਤਾਂ ਜੋ ਇੱਥੇ ਸਰਗਰਮ ਭੀੜ ਬਣੀ ਰਹਿ ਸਕੇ ਤੇ ਸੁਪਰੀਮ ਕੋਰਟ, ਪ੍ਰੈੱਸ ਅਤੇ ਹੋਰ ਤਮਾਮ ਏਜੰਸੀਆਂ ਨੂੰ ਮੋਰਚੇ ਦੇ ਵਿਰੁੱਧ ਕੋਈ ਵੀ ਫੈਸਲਾ ਲੈਣ ਦਾ ਮੌਕਾ ਹੀ ਨਾ ਮਿਲ ਸਕੇ।