India Punjab

ਸਿੰਘੂ ਬਾਰਡਰ ‘ਤੇ ਮੋਰਚਾ ਲਾ ਕੇ ਬੈਠੇ ਨਿਹੰਗ ਸਿੰਘ ਨੇ ਤੋਮਰ ਨਾਲ ਕਿਉਂ ਕੀਤੀ ਸੀ ਮੁਲਾਕਾਤ

‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ) :- ਸਿੰਘੂ ਬਾਰਡਰ ‘ਤੇ 15 ਅਕਤੂਬਰ ਨੂੰ ਵਾਪਰੀ ਘਟਨਾ ਤੋਂ ਬਾਅਦ ਇੱਕ ਨਿਹੰਗ ਸਿੰਘ ਦੀ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਤਸਵੀਰ ਸਿੰਘੂ ਬਾਰਡਰ ‘ਤੇ ਮੋਰਚਾ ਲਾ ਕੇ ਬੈਠੇ ਇੱਕ ਨਿਹੰਗ ਦਲ ਦੇ ਮੁਖੀ ਬਾਬਾ ਅਮਨ ਸਿੰਘ ਅਤੇ ਭਾਰਤ ਦੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਹੈ। ਇਸ ਤਸਵੀਰ ਦੇ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਪੁਲਿਸ ਦਾ ਵੱਡਾ ਟਾਊਟ ਬਣ ਕੇ ਭੂਮਿਕਾ ਨਿਭਾਉਣ ਵਾਲਾ ਪਿੰਕੀ ਕੈਟ ਵੀ ਖੜ੍ਹਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਪਿੰਕੀ ਕੈਟ ਨੇ ਕੁੱਝ ਸਾਲ ਪਹਿਲਾਂ ਉਸ ਦੌਰ ਦੀਆਂ ਪੁਲਿਸ ਵੱਲੋਂ ਕੀਤੀਆਂ ਸਨਸਨੀਖੇਜ ਵਧੀਕੀਆਂ ਦੇ ਖੁਲਾਸੇ ਕਰ ਦਿੱਤੇ ਸੀ। ਤਸਵੀਰ ਦੇ ਵਿੱਚ ਬੀਜੇਪੀ ਦੇ ਕੌਮੀ ਕਿਸਾਨ ਲੀਡਰ ਅਤੇ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਵੀ ਦਿਖਾਈ ਦੇ ਰਹੇ ਹਨ। ਪੰਜਾਬੀ ਟ੍ਰਿਬਿਊਨ ਨੇ ਇਹ ਤਸਵੀਰ ਛਾਪ ਕੇ ਦਾਅਵਾ ਕੀਤਾ ਹੈ ਕਿ ਬਾਬਾ ਅਮਨ ਸਿੰਘ ਦੀ ਖੇਤੀਬਾੜੀ ਮੰਤਰੀ ਨਾਲ ਜੁਲਾਈ ਦੇ ਅਖੀਰ ਵਿੱਚ ਬੈਠਕ ਹੋਈ ਸੀ ਅਤੇ ਨਰੇਂਦਰ ਤੋਮਰ ਨੇ ਬਾਬਾ ਅਮਨ ਸਿੰਘ ਨੂੰ ਸਿਰੋਪਾਓ ਵੀ ਦਿੱਤਾ। ਖਬਰ ਮੁਤਾਬਕ ਬਾਬਾ ਅਮਨ ਸਿੰਘ ਨੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਲੜਾਈ ਨੂੰ ਹੱਲ ਕਰਵਾਉਣ ਲਈ ਪਰਦੇ ਪਿੱਛਿਉਂ ਭੂਮਿਕਾ ਨਿਭਾਈ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਰੁਕੀ ਹੋਈ ਗੱਲਬਾਤ ਮੁੜ ਸ਼ੁਰੂ ਕਰਵਾਉਣ ਲਈ ਕਰੀਬ ਤਿੰਨ ਮਹੀਨੇ ਪਹਿਲਾਂ ਮੰਤਰੀ ਤੋਮਰ ਨਾਲ ਇਹ ਮੁਲਾਕਾਤ ਕੀਤੀ ਗਈ ਤੇ ਗੱਲਬਾਤ ਮੁੜ ਸ਼ੁਰੂ ਕਰਵਾਉਣ ਦੇ ਯਤਨਾਂ ਵਿੱਚ ਕੈਨੇਡਾ ਦੇ ਓਂਟਾਰੀਓ ਦੀ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਦੀ ਵੀ ਭੂਮਿਕਾ ਰਹੀ ਹੈ, ਜਿਨ੍ਹਾਂ ਨੇ 24 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਸੀ। ਪੰਜਾਬੀ ਟ੍ਰਿਬਿਊਨ ਮੁਤਾਬਕ ਬਾਬਾ ਅਮਨ ਸਿੰਘ ਨੇ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਬੰਗਲੇ ‘ਤੇ ਖੇਤੀਬਾੜੀ ਮੰਤਰੀ ਦੇ ਨਾਲ ਲੰਚ ‘ਤੇ ਮੁਲਾਕਾਤ ਕੀਤੀ।

ਟ੍ਰਿਬਿਊਨ ਕੋਲ ਗੱਲਬਾਤ ਦੌਰਾਨ ਪਿੰਕੀ ਕੈਟ ਨੇ ਇਸ ਮੀਟਿੰਗ ਦੀ ਗੱਲ ਕਬੂਲੀ ਪਰ ਮੀਟਿੰਗ ਦੇ ਏਜੰਡੇ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਗੁਰਮੀਤ ਸਿੰਘ ਪਿੰਕੀ ਨੇ ਦੱਸਿਆ ਕਿ ਉਹ ਨਿਹੰਗ ਬਾਬਾ ਅਮਨ ਸਿੰਘ ਨੂੰ ਉਦੋਂ ਤੋਂ ਜਾਣਦਾ ਹੈ ਜਦੋਂ ਦੋਵੇਂ ਵੱਖ-ਵੱਖ ਕ ਤਲ ਕੇਸਾਂ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਨ। ਬੀਜੇਪੀ ਦੇ ਕੌਮੀ ਕਿਸਾਨ ਲੀਡਰ ਅਤੇ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਬੀਜੇਪੀ ਲੀਡਰ ਹੋਣ ਦੇ ਨਾਤੇ ਮੈਂ ਸੀਨੀਅਰ ਲੀਡਰਾਂ ਨੂੰ ਮਿਲਦਾ ਰਹਿੰਦਾ ਹੈ। ਅਸੀਂ ਓਂਟਾਰੀਓ ਦੀ ਸਿੱਖ ਜਥੇਬੰਦੀ ਨਾਲ ਮਿਲ ਕੇ ਕਿਸਾਨੀ ਮਸਲੇ ਦਾ ਹੱਲ ਲੱਭਣ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵਕਤ ਬਾਬਾ ਅਮਨ ਸਿੰਘ ਵੀ ਮੀਟਿੰਗ ਵਿੱਚ ਹਾਜ਼ਿਰ ਸੀ ਅਤੇ ਉਹ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਚਾਹੁੰਦਾ ਸੀ।

ਇਹ ਤਸਵੀਰ ਵਾਇਰਲ ਹੋ ਚੁੱਕੀ ਹੈ ਅਤੇ ਨਿਹੰਗ ਸਿੰਘਾਂ ਦੀ ਮੋਰਚੇ ਵਿੱਚ ਭੂਮਿਕਾ ‘ਤੇ ਸਵਾਲ ਵੀ ਖੜ੍ਹੇ ਹੋਣ ਲੱਗੇ ਹਨ। ਬੇਅਦਬੀ ਦੀ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਸੋਧਾ ਲਾਉਣ ਦੇ ਤਾਰ ਵੀ ਹੁਣ ਇੱਧਰ-ਉੱਧਰ ਜੋੜੇ ਜਾਣ ਲੱਗੇ ਹਨ ਤੇ ਸਿਆਸੀ ਲੀਡਰ ਵੀ ਆਪਣੇ ਪ੍ਰਤੀਕਰਮ ਦੇਣ ਲੱਗੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰੇਵਾਲਾ ਨੇ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਦੀ ਖਬਰ ਨੂੰ ਰੀਟਵੀਟ ਕਰਕੇ ਲਿਖਿਆ ਹੈ ਕਿ ਸੱਚ ਸਾਹਮਣੇ ਆ ਹੀ ਰਿਹਾ ਹੈ, ਪਰਤਾਂ ਖੁਲ੍ਹ ਰਹੀਆਂ ਹਨ, ਪਰਦਾ ਉੱਠ ਰਿਹਾ ਹੈ, ਕੌਣ ਅਸਲ ਵਿੱਚ ਪਰਦੇ ਦੇ ਪਿੱਛੇ ਕਿਹਦੇ ਨਾਲ ਖੜ੍ਹਾ ਹੈ, ਕੌਣ ਕਿਸਾਨਾਂ ਦੇ ਖਿਲਾਫ ਕੀ ਸ਼ੜਯੰਤਰ ਰਚ ਰਿਹਾ ਹੈ। ਇਸ ਤਸਵੀਰ ਨੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸਦੇ ਜਵਾਬ ਲੱਭਣ ਦੀ ‘ਦ ਖ਼ਾਲਸ ਟੀਵੀ ਕੋਸ਼ਿਸ਼ ਕਰੇਗਾ।