‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਇੱਕ ਮੀਟਿੰਗ ਕਰਕੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਾਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ 31 ਜਨਵਰੀ ਨੂੰ ਪੂਰੇ ਦੇਸ਼ ਵਿੱਚ ਹਰ ਜ਼ਿਲ੍ਹਾ ਹੈੱਡਕੁਆਰਟਰ, ਹਰ ਤਹਿਸੀਲ ਹੈੱਡਕੁਆਰਟਰ ਦੇ ਅੰਦਰ ਵਿਸ਼ਵਾਸਘਾਤ ਖਿਲਾਫ਼ ਦਿਵਸ, ਵਾਅਦਾ ਖਿਲਾਫੀ ਦਿਵਸ ਵੱਡੇ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਸਵਾ ਮਹੀਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਉਡੀਕ ਕੀਤੀ ਪਰ ਹਾਲੇ ਤੱਕ ਬਿਜਲੀ ਬਿੱਲ ਉੱਤੇ ਚਰਚਾ ਨਹੀਂ ਹੋਈ, ਪੂਰੇ ਦੇਸ਼ ਵਿੱਚ ਕੇਸ ਵਾਪਸੀ ਬਾਰੇ ਕੇਂਦਰ ਸਰਕਾਰ ਨੇ ਕੁੱਝ ਨਹੀਂ ਕੀਤਾ, ਮੁਆਵਜ਼ੇ ਬਾਰੇ ਕਈ ਤਰੱਕੀ ਨਹੀਂ ਹੋਈ। ਹਰਿਆਣਾ ਵਿੱਚ ਕੇਸ ਵਾਪਸੀ ਨੂੰ ਲੈ ਕੇ ਥੋੜੀ ਜਿਹੀ ਤਰੱਕੀ ਹੋਈ ਹੈ।
ਕਿਸਾਨ ਲੀਡਰਾਂ ਨੇ ਲਖੀਮਪੁਰ ਖੀਰੀ ਬਾਰੇ ਵੀ ਵੱਡਾ ਫੈਸਲਾ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਐੱਸਆਈਟੀ ਦੀ ਰਿਪੋਰਟ ਵਿੱਚ ਸਪੱਸ਼ਟ ਕਹਿ ਦਿੱਤਾ ਗਿਆ ਹੈ ਕਿ ਉਹ ਘਟ ਨਾ ਨਹੀਂ ਸੀ ਬਲਕਿ ਸਾਜਿਸ਼ ਸੀ। ਲੋਕਾਂ ਉੱਤੇ ਗੱਡੀ ਜਾਣ-ਬੁੱਝ ਕੇ ਚੜਾਈ ਗਈ ਸੀ। ਪਰ ਸਰਕਾਰ ਨੇ ਹਾਲੇ ਤੱਕ ਮੁੱਖ ਦੋਸ਼ੀ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਹੈ। ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸਾਰੇ ਕਿਸਾਨ 21 ਜਨਵਰੀ ਤੋਂ ਤਿੰਨ ਦਿਨਾ ਦੌਰੇ ‘ਤੇ ਲਖੀਮਪੁਰ ਖੀਰੀ ਜਾ ਰਹੇ ਹਨ ਅਤੇ ਉੱਥੇ ਸਾਰੇ ਮ੍ਰਿਤਕ ਕਿਸਾਨਾਂ ਦੇ ਪੀੜਤ ਪਰਿਵਾਰਾਂ ਅਤੇ ਜਿਨ੍ਹਾਂ ਕਿਸਾਨਾਂ ਉੱਤੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਕਿਸਾਨ ਲੀਡਰਾਂ ਵੱਲੋਂ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਵੇਗੀ ਤਾਂ ਲਖੀਮਪੁਰ ਖੀਰੀ ਵਿੱਚ ਮੋਰਚਾ ਲਗਾਇਆ ਜਾਵੇਗਾ। ਇਹ ਮੋਰਚਾ ਉਦੋਂ ਤੱਕ ਕਾਇਮ ਰਹੇਗਾ ਜਦੋਂ ਤੱਕ ਸਾਡੇ ਲੋਕਾਂ ਨੂੰ ਨਿਆਂ ਨਹੀਂ ਮਿਲਦਾ।
ਕਿਸਾਨ ਲੀਡਰਾਂ ਨੇ ਮਜ਼ਦੂਰ ਜਥੇਬੰਦੀਆਂ ਦਾ ਸਾਥ ਦੇਣ ਦਾ ਵੀ ਦਾਅਵਾ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ 23 ਅਤੇ 24 ਫਰਵਰੀ ਨੂੰ ਪੂਰੇ ਦੇਸ਼ ਵਿੱਚ ਭੁੱਖ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 13 ਮਹੀਨਿਆਂ ਤੋਂ ਜਿਨ੍ਹਾਂ ਸੰਸਥਾਵਾਂ ਨੇ ਸਾਡਾ ਸਹਿਯੋਗ ਦਿੱਤਾ ਹੈ, ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਜਥੇਬੰਦੀਆਂ ਦੇ ਹੜਤਾਲ ਦੇ ਸੱਦੇ ‘ਤੇ ਉਨ੍ਹਾਂ ਦਾ ਸਹਿਯੋਗ ਜ਼ਰੂਰ ਕਰੇਗਾ।
ਕਿਸਾਨ ਲੀਡਰਾਂ ਨੇ ਰਾਜਨੀਤੀ ਵਿੱਚ ਗਈਆਂ ਕਿਸਾਨ ਜਥੇਬੰਦੀਆਂ ਬਾਰੇ ਵੀ ਦਾਅਵਾ ਕਰਦਿਆਂ ਕਿਹਾ ਕਿ ਜੋ-ਜੋ ਜਥੇਬੰਦੀਆਂ ਚੋਣਾਂ ਵਿੱਚ ਗਈਆਂ ਹਨ, ਉਹ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਨਹੀਂ ਰਹਿਣਗੀਆਂ ਭਾਵ ਉਨ੍ਹਾਂ ਦਾ ਕਿਸਾਨ ਮੋਰਚੇ ਦੇ ਨਾਲ ਕੋਈ ਤਾਲਮੇਲ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਚਾਰ ਮਹੀਨਿਆਂ ਤੋਂ ਬਾਅਦ ਅਸੀਂ ਸਮੀਖਿਆ ਕਰਾਂਗੇ ਕਿ ਉਨ੍ਹਾਂ ਲੋਕਾਂ ਦੇ ਨਾਲ ਅੱਗੇ ਦਾ ਰਿਸ਼ਤਾ ਕਿਵੇਂ ਦਾ ਹੋਵੇਗਾ। ਪਰ ਫਿਲਹਾਲ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨਹੀਂ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਜਲਦਬਾਜ਼ੀ ਦਾ ਫੈਸਲਾ ਹੈ ਜਿਸ ਨਾਲ ਸੰਯੁਕਤ ਕਿਸਾਨ ਮੋਰਚਾ ਸਹਿਮਤ ਨਹੀਂ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸਸਪੈਂਡ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਯੂਨੀਅਨ ਨਾਲ ਨਾਤਾ ਤੋੜਿਆ ਹੈ।
ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 31 ਜਨਵਰੀ ਤੱਕ ਜੇ ਸਰਕਾਰ ਨੇ ਇਨ੍ਹਾਂ ਮਾਮਲਿਆਂ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ 1 ਫਰਵਰੀ ਤੋਂ ਮਿਸ਼ਨ ਉੱਤਰ ਪ੍ਰਦੇਸ਼ ਅਤੇ ਮਿਸ਼ਨ ਉੱਤਰਾਖੰਡ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਜਾਵੇਗਾ।