India Punjab

ਕਿਸਾਨਾਂ ਵੱਲੋਂ ਹਿਸਾਰ ਵਿੱਚ ਕਮਿਸ਼ਨਰ ਦੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਕੱਲ੍ਹ ਹਿਸਾਰ ਵਿੱਚ ਕਮਿਸ਼ਨਰ ਦਾ ਘਿਰਾਓ ਕਰਨਗੇ। ਕਿਸਾਨ ਵੱਲੋਂ ਇਹ ਘਿਰਾਉ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਉ ਕਰਨ ਜਾ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਕੀਤਾ ਜਾਵੇਗਾ। ਕਿਸਾਨਾਂ ਨੇ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ‘ਚ ਕਿਸਾਨ ਹਿੱਸਾ ਲੈਣ ਲਈ ਪਹੁੰਚ ਰਹੇ ਹਨ।

ਅੱਜ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ ਮੋਰਚੇ ‘ਤੇ ਪਹੁੰਚਿਆ ਹੈ। ਕਰਨਾਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਿਸਾਨ ਇਸ ਕਾਫਲੇ ਵਿੱਚ ਸ਼ਾਮਿਲ ਹੋਏ ਹਨ। ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਇਸ ਕਾਫਲੇ ਦਾ ਸਵਾਗਤ ਕੀਤਾ।

ਅੱਜ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਦਿੱਲੀ ਸਮੇਤ ਵੱਖ-ਵੱਖ ਥਾਂਵਾਂ ‘ਤੇ ਸ਼ਰਧਾਂਜਲੀ ਭੇਟ ਕੀਤੀਆਂ। ਇਸ ਮੌਕੇ ਕਿਸਾਨ ਲੀਡਰ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਲੀਡਰ ਮੁਹਾਲੀ ਵਿੱਚ ਉਹਨਾਂ ਦੇ ਪਰਿਵਾਰ ਦੁਆਰਾ ਆਯੋਜਿਤ ਕੀਤੀ ਗਈ ਇੱਕ ਸ਼ੋਕ ਸਭਾ ਵਿੱਚ ਸ਼ਾਮਲ ਹੋਏ ਅਤੇ ਅਭੈ ਸਿੰਘ ਸੰਧੂ ਸ਼ਰਧਾਂਜਲੀ ਦਿੱਤੀ। ਕਿਸਾਨਾਂ ਵੱਲੋਂ ਕੱਲ੍ਹ ਦਿੱਲੀ ਮੋਰਚਿਆਂ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਕਿਸਾਨਾਂ ਨੇ ਅੱਜ ਗਾਜੀਪੁਰ ਬਾਰਡਰ ‘ਤੇ ਤਿਰੰਗਾ ਮਾਰਚ ਕੱਢਿਆ।