India

ਕੇਂਦਰੀ ਸਿਹਤ ਮੰਤਰਾਲੇ ਨੇ ਕੀਤੀ ਰਾਮਦੇਵ ਦੀ ‘ਗੁੱਝੀ ਝਾੜਝੰਭ’, ਪਤੰਜਲੀ ਦੇ ਭੇਜੇ ਸਪਸ਼ਟੀਕਰਨ ‘ਤੇ ਵੀ ਮਾਰਿਆ ਕਾਟਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣ ‘ਤੇ ਬੁਰੀ ਤਰ੍ਹਾਂ ਫਸੇ ਯੋਗ ਗੁਰੂ ਬਾਬਾ ਰਾਮ ਦੇਵ ਦਾ ਸਪਸ਼ਟੀਕਰਨ ਕੇਂਦਰੀ ਸਿਹਤ ਮੰਤਰਾਲੇ ਨੂੰ ਚੰਗਾ ਨਹੀਂ ਲੱਗਾ ਹੈ। ਪਤੰਜਲੀ ਯੋਗ ਪੀਠ ਵੱਲੋਂ ਜਾਰੀ ਇਸ ਸਪਸ਼ਟੀਕਰਨ ਨੂੰ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਰਾਮਦੇਵ ਦਾ ਇਹ ਬਿਆਨ ਬਹੁਤ ਹੀ ਮੰਦਭਾਗਾ ਹੈ। ਇਹਨੂੰ ਬਿਨ੍ਹਾਂ ਦੇਰੀ ਵਾਪਸ ਲੈਣ ਵਿੱਚ ਭਲਾਈ ਹੈ। ਹਾਲਾਂਕਿ ਡਾ. ਹਰਸ਼ਵਰਧਨ ਨੇ ਬਹੁਤ ਹੀ ਸੱਭਿਅਕ ਤਰੀਕੇ ਨਾਲ ਕੋਰੋਨਾ ਕਾਲ ਵਿੱਚ ਡਾਕਟਰਾਂ ਵੱਲੋਂ ਨਿਭਾਏ ਰੋਲ ਦੀ ਸਿਖਿਆ ਰਾਮਦੇਵ ਨੂੰ ਦਿੱਤੀ ਹੈ। ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਆਈਐੱਏ ਵੱਲੋਂ ਰਾਮਦੇਵ ‘ਤੇ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕਰਨ ਬਾਰੇ ਕੇਂਦਰੀ ਸਿਹਤ ਮੰਤਰਾਲੇ ਦੀ ਇਸ ਚਿੱਠੀ ਵਿੱਚ ਕੋਈ ਗੱਲ ਨਹੀਂ ਕਹੀ ਗਈ ਹੈ।

ਆਓ, ਤੁਹਾਨੂੰ ਹੂ-ਬਹੂ ਦੱਸਦੇ ਹਾਂ ਕਿ ਡਾ. ਹਰਸ਼ਵਰਧਨ ਨੇ ਆਪਣੀ ਚਿੱਠੀ ਵਿੱਚ ਕੀ ਲਿਖਿਆ ਹੈ…

ਆਦਰਯੋਗ ਬਾਬਾ ਰਾਮਦੇਵ ਜੀ,
ਉਮੀਦ ਹੈ ਕਿ ਤੁਸੀਂ ਤੰਦਰੁਸਤ ਹੋਵੋਂਗੇ।

ਐਲੋਪੈਥੀ ਦਵਾਈਆਂ ਤੇ ਡਾਕਟਰਾਂ ਉੱਤੇ ਤੁਹਾਡੀ ਟਿੱਪਣੀ ਨਾਲ ਦੇਸ਼ਵਾਸੀ ਬਹੁਤ ਦੁਖੀ ਹਨ। ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਜਾਣੂੰ ਕਰਵਾ ਚੁੱਕਾ ਹਾਂ। ਦੇਸ਼ਵਾਸੀਆਂ ਲਈ ਦਿਨ ਰਾਤ ਸੇਵਾ ਵਿੱਚ ਲੱਗੇ ਡਾਕਟਰ ਦੇਵਤਿਆਂ ਦੇ ਸਮਾਨ ਹਨ। ਤੁਸੀਂ ਆਪਣੇ ਬਿਆਨ ਨਾਲ ਨਾ ਸਿਰਫ ਕੋਰੋਨਾ ਯੋਧਿਆਂ ਦਾ ਨਿਰਾਦਰ ਕੀਤਾ ਹੈ, ਸਗੋਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਸੱਟ ਮਰੀ ਹੈ। ਕੱਲ੍ਹ ਤੁਸੀਂ ਜੋ ਸਪਸ਼ਟੀਕਰਨ ਜਾਰੀ ਕੀਤਾ ਹੈ, ਉਹ ਲੋਕਾਂ ਦੀਆਂ ਜਖਮੀ ਹੋਈਆਂ ਭਾਵਨਾਵਾਂ ਉੱਤੇ ਮੱਲ੍ਹਮ ਲਗਾਉਣ ਲਈ ਕਾਫੀ ਨਹੀਂ ਹੈ।


ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਭਰੇ ਦੌਰ ਵਿੱਚ ਐਲੋਪੈਥੀ ਅਤੇ ਇਸ ਨਾਲ ਜੁੜੇ ਡਾਕਟਰਾਂ ਨੇ ਕਰੋੜਾਂ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਹੈ। ਤੁਹਾਡਾ ਇਹ ਕਹਿਣਾ ਬਹੁਤ ਹੀ ਮੰਦਭਾਗਾ ਹੈ ਕਿ ਲੱਖਾਂ ਕੋਰੋਨਾ ਮਰੀਜਾਂ ਦੀ ਮੌਤ ਐਲੋਪੈਥੀ ਦੀ ਦਵਾ ਖਾਣ ਨਾਲ ਹੋਈ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੋਰੋਨਾ ਮਹਾਂਮਾਰੀ ਦੇ ਖਿਲਾਫ ਇਹ ਲੜਾਈ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਜਿੱਤੀ ਜਾ ਸਕਦੀ ਹੈ।


ਇਸ ਲੜਾਈ ਵਿਚ ਸਾਡੇ ਡਾਕਟਰਾਂ, ਨਰਸਾਂ ਤੇ ਦੂਜੇ ਸਿਹਤ ਕਰਮਚਾਰੀ ਜਿਸ ਤਰ੍ਹਾਂ ਆਪਣੀ ਜਾਨ ਦਾਅ ‘ਤੇ ਲਾ ਕੇ ਲੋਕਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਉਹ ਫਰਜ ਅਤੇ ਮਨੁੱਖਤਾ ਦੀ ਸੇਵਾ ਦੇ ਪ੍ਰਤੀ ਉਨ੍ਹਾਂ ਦੀ ਸ਼ਰਧਾ ਦੀ ਕਿਤੇ ਨਾ ਮਿਲਣ ਵਾਲੀ ਮਿਸਾਲ ਹੈ। ਤੁਸੀਂ ਇਸ ਤੱਥ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹੋਂ ਕਿ ਕੋਰੋਨਾ ਦੇ ਖਿਲਾਫ ਇਸ ਲੜਾਈ ਵਿਚ ਭਾਰਤ ਸਣੇ ਪੂਰੇ ਸੰਸਾਰ ਦੇ ਅਣਗਿਣਤ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ।

ਅਜਿਹੇ ਵਿਚ ਤੁਹਾਡੇ ਵੱਲੋਂ ਕੋਰੋਨਾ ਦੇ ਇਲਾਜ ਐਲੋਪੈਥੀ ਨੂੰ ਤਮਾਸ਼ਾ, ਬੇਕਾਰ ਅਤੇ ਦੀਵਾਲੀਆ ਦੱਸਣਾ ਬਹੁਤ ਹੀ ਮੰਦਭਾਗਾ ਹੈ।
ਅੱਜ ਲੱਖਾਂ ਲੋਕ ਕੋਰੋਨਾ ਨਾਲ ਠੀਕ ਹੋ ਕੇ ਘਰ ਜਾ ਰਹੇ ਹਨ। ਅੱਜ ਜੇਕਰ ਦੇਸ਼ ਵਿਚ ਕੋਰੋਨਾ ਨਾਲ ਮੌਤ ਦਰ ਸਿਰਫ 1.13ਫੀਸਦ ਅਤੇ ਠੀਕ ਹੋਣ ਦੀ ਦਰ 88 ਫੀਸਦ ਤੋਂ ਵੱਧ ਹੈ ਤਾਂ ਇਸਦੇ ਪਿੱਛੇ ਐਲੋਪੈਥੀ ਅਤੇ ਉਸਦੇ ਡਾਕਟਰਾਂ ਦਾ ਅਹਿਮ ਯੋਗਦਾਨ ਹੈ।
ਬਾਬਾ ਰਾਮਦੇਵ ਜੀ, ਤੁਸੀਂ ਜਨਤਕ ਜੀਵਨ ਵਿਚ ਰਹਿਣ ਵਾਲੀਆਂ ਸਖਸ਼ੀਅਤਾਂ ਵਿੱਚੋਂ ਹਨ। ਅਜਿਹੇ ਵਿਚ ਤੁਹਾਡਾ ਕੋਈ ਵੀ ਬਿਆਨ ਮਾਇਨੇ ਰੱਖਦਾ ਹੈ। ਮੈਂ ਸਮਝਦਾ ਹਾਂ ਕਿ ਤੁਹਾਨੂੰ ਕਿਸੇ ਵੀ ਮੁੱਦੇ ਉਤੇ ਕੋਈ ਵੀ ਬਿਆਨ ਸਮੇਂ, ਕਾਲ ਅਤੇ ਹਾਲਾਤ ਦੇਖ ਕੇ ਦੇਣਾ ਚਾਹੀਦਾ ਹੈ। ਅਜਿਹੇ ਸਮੇਂ ਇਲਾਜ ਦੇ ਮੌਜੂਦਾ ਤਰੀਕਿਆਂ ਨੂੰ ਤਮਾਸ਼ਾ ਦੱਸਣਾ ਨਾ ਸਿਰਫ ਐਲੋਪੈਥੀ ਬਲਕਿ ਉਨ੍ਹਾਂ ਦੀ ਡਾਕਟਰਾਂ ਦੀ ਹਿੰਮਤ, ਯੋਗਤਾ ਅਤੇ ਉਨ੍ਹਾਂ ਦੇ ਇਰਾਦਿਆਂ ਉੱਤੇ ਵੀ ਸਵਾਲ ਖੜ੍ਹੇ ਕਰਦਾ ਹੈ, ਜੋ ਕਿ ਠੀਕ ਨਹੀਂ ਹੈ। ਤੁਹਾਡਾ ਬਿਆਨ ਡਾਕਟਰਾਂ ਦੇ ਮਨੋਬਲ ਨੂੰ ਤੋੜਨ ਅਤੇ ਕੋਰੋਨਾ ਮਹਾਂਮਾਰੀ ਖਿਲਾਫ ਸਾਡੀ ਲੜਾਈ ਨੂੰ ਕਮਜੋਰ ਕਰਨ ਵਾਲਾ ਸਾਬਿਤ ਹੋ ਸਕਦਾ ਹੈ।
ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੇਚਕ, ਪੋਲਿਓ, ਇਬੋਲਾ, ਸਾਰਸ ਅਤੇ ਟੀਬੀ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਐਲੋਪੈਥੀ ਨੇ ਹੀ ਦਿੱਤਾ ਹੈ। ਅੱਜ ਕੋਰੋਨਾ ਦੇ ਖਿਲਾਫ ਵੈਕਸੀਨ ਇਕ ਅਹਿਮ ਹਥਿਆਰ ਸਾਬਿਤ ਹੋ ਰਿਹਾ ਹੈ। ਇਹ ਵੀ ਐਲੋਪੈਥੀ ਦੀ ਹੀ ਦੇਣ ਹੈ। ਤੁਸੀਂ ਆਪਣੇ ਸਪਸ਼ਟੀਕਰਨ ਵਿਚ ਸਿਰਫ ਇਹ ਕਿਹਾ ਹੈ ਕਿ ਤੁਹਾਡਾ ਉਦੇਸ਼ ਮਾਡਰਨ ਸਾਇੰਸ ਅਤੇ ਚੰਗੇ ਡਾਕਟਰਾਂ ਦੇ ਖਿਲਾਫ ਨਹੀਂ ਹੈ। ਮੈਂ ਤੁਹਾਡੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਕਾਫੀ ਨਹੀਂ ਮੰਨਦਾ।
ਉਮੀਦ ਹੈ ਕਿ ਤੁਸੀਂ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਅਤੇ ਸੰਸਾਰ ਭਰ ਵਿੱਚ ਕੋਰੋਨਾ ਯੋਧਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਆਪਣਾ ਇਤਰਾਜ਼ਯੋਗ ਅਤੇ ਮੰਦਭਾਗਾ ਬਿਆਨ ਪੂਰੀ ਤਰ੍ਹਾਂ ਵਾਪਸ ਲਵੋਗੇ।

ਡਾ. ਹਰਸ਼ਵਰਸ਼ਧਨ।

ਕੀ ਦਿੱਤਾ ਸੀ ਪਤੰਜਲੀ ਨੇ ਸਪਸ਼ਟੀਕਰਨ
ਟਵਿੱਟਰ ‘ਤੇ ਸਪਸ਼ਟੀਕਰਨ ਦਿੰਦਿਆਂ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਨੇ ਲਿਖਿਆ ਹੈ ਕਿ ਆਓ, ਮਿਲ ਕੇ ਪੈਥੀਆਂ ਦੇ ਨਾਂ ‘ਤੇ ਵਹਿਮ-ਭਰਮ, ਅਫਵਾਹਾਂ ਤੇ ਬਿਨ੍ਹਾਂ ਵਜ੍ਹਾ ਦੇ ਝਗੜੇ ਤੋਂ ਦੂਰ ਪ੍ਰਾਚੀਨ ਤੇ ਅਧੁਨਿਕ ਵਿਗਿਆਨ ਦੇ ਸਹਿਯੋਗ ਨਾਲ ਰੋਗਾਂ ਤੋਂ ਪੀੜਿਤ ਮਾਨਵਤਾ ਨੂੰ ਲਾਭ ਪਹੁੰਚਾਉਣ ਵਿਚ ਮਦਦ ਕਰੀਏ। ਪਤੰਜਲੀ ਨੇ ਇਹ ਵੀ ਕਿਹਾ ਹੈ ਕਿ ਰਾਮਦੇਵ ਦਾ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕੀਤਾ ਗਿਆ ਹੈ, ਉਹ ਜੋੜ ਮੇਲ ਤੋਂ ਪਰ੍ਹੇ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਆਧੁਨਿਕ ਸਾਇੰਸ ਵਿਚ ਕਦੇ ਆਪਣਾ ਵਿਸ਼ਵਾਸ ਜਾਹਿਰ ਨਹੀਂ ਕੀਤਾ ਹੈ।

ਕਿਉਂ ਭੇਜਿਆ ਸੀ ਰਾਮਦੇਵ ਨੂੰ ਨੋਟਿਸ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਦੇ ਇਕ ਬਿਆਨ ਨੂੰ ਲੈ ਕੇ ਨੋਟਿਸ ਭੇਜਦਿਆਂ ਮੰਗ ਕੀਤੀ ਸੀ ਕਿ ਰਾਮਦੇਵ ਉੱਤੇ ਕਾਰਵਾਈ ਕੀਤੀ ਜਾਵੇ। ਆਈਐੱਮਏ ਨੇ ਕਿਹਾ ਕਿ ਰਾਮਦੇਵ ਦਾ ਇਹ ਕਹਿਣਾ ਕਿ ਐਲੋਪੈਥੀ ਇਲਾਜ ਨਾਲ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸਨਮਾਨ ਨੂੰ ਚੋਟ ਪਹੁੰਚਾਉਂਦਾ ਹੈ। ਜਿਸ ਵੀਡਿਓ ਦੀ ਗੱਲ ਆਈਐੱਮਏ ਨੇ ਕੀਤੀ ਹੈ ਉਸ ਵਿੱਚ ਬਾਬਾ ਰਾਮਦੇਵ ਪਲਾਜਮਾ ਥੈਰੇਪੀ ਨੂੰ ਕੋਵਿਡ-19 ਦੇ ਇਲਾਜ ਦੀ ਸੂਚੀ ਵਿੱਚੋਂ ਬਾਹਰ ਹੋਣ ਉੱਤੇ ਵੀ ਵਿਅੰਗ ਕਰ ਰਹੇ ਹਨ।

ਕੀ ਕਿਹਾ ਸੀ ਰਾਮ ਦੇਵ ਨੇ


ਜਿਸ ਵੀਡਿਓ ਦੇ ਅਧਾਰ ‘ਤੇ ਬਾਬਾ ਰਾਮਦੇਵ ਫਸਦੇ ਨਜਰ ਆ ਰਹੇ ਹਨ, ਉਸ ਵਿਚ ਉਨ੍ਹਾਂ ਕਿਹਾ ਕਿ ਐਲੋਪੈਥੀ ਅਜਿਹੀ ਸਟੂਪਿਡ (ਮੂਰਖ) ਅਤੇ ਦੀਵਾਲਿਆ ਸਾਇੰਸ ਹੈ ਕਿ ਪਹਿਲਾ ਕਲੋਰੋਕਵਿਨ ਫੇਲ ਹੋਇਆ, ਫਿਰ ਰੈਮਡੇਸਿਵਿਅਰ ਫੇਲ ਹੋਇਆ, ਫਿਰ ਐਂਟੀ ਬਾਇਓਟੈਕ ਫੇਲ ਹੋਇਆ, ਫਿਰ ਸਟੇਰਾਇਡ ਫੇਲ ਹੋਇਆ ਅਤੇ ਕੱਲ੍ਹ ਪਲਾਜਮਾ ਥੈਰੇਪੀ ਫੇਲ ਹੋ ਗਈ। ਆਈਐੱਏ ਨੇ ਕਿਹਾ ਹੈ ਕਿ ਰਾਮਦੇਵ ਦੇ ਇਨ੍ਹਾਂ ਬਿਆਨਾਂ ਨਾਲ ਸੰਸਥਾਂ ਦੇ ਮਾਣ ਨੂੰ ਸੱਟ ਵੱਜੀ ਹੈ।